ਮੀਂਹ ਪੈਣ ਕਾਰਨ ਅਪਾਹਜ ਮਜ਼ਦੂਰ ਦੇ ਘਰ ਦੀ ਛੱਤ ਡਿੱਗੀ

ਭਵਾਨੀਗੜ੍ਹ (ਵਿਜੈ ਗਰਗ) ਇਲਾਕੇ ਵਿੱਚ ਮੀਂਹ ਪੈਣ ਨਾਲ ਨੇੜਲੇ ਪਿੰਡ ਭੱਟੀਵਾਲ ਕਲਾਂ ਦੇ ਇੱਕ ਅਪਾਹਜ ਮਜ਼ਦੂਰ ਦੇ ਘਰ ਦੀ ਛੱਤ ਡਿੱਗ ਗਈ, ਜਿਸ ਕਾਰਨ ਕੱਪੜਿਆਂ ਵਾਲੀ ਪੇਟੀ ਸਮੇਤ ਘਰ ਵਿੱਚ ਪਿਆ ਹੋਰ ਸਮਾਨ ਦਾ ਭਾਰੀ ਨੁਕਸਾਨ ਹੋ ਗਿਆ।ਅਪਾਹਜ ਮਜ਼ਦੂਰ ਮੋਹਨ ਸਿੰਘ ਨੇ ਦੱਸਿਆ ਕਿ ਸਵੇਰੇ ਮੀਂਹ ਪੈਣ ਨਾਲ ਉਨ੍ਹਾਂ ਦੇ ਘਰ ਦੀ ਛੱਤ ਡਿੱਗ ਪਈ। ਉਨ੍ਹਾਂ ਦੱਸਿਆ ਕਿ ਉਹ ਇਕ ਬਾਂਹ ਹੋਣ ਦੇ ਬਾਵਜੂਦ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦਾ ਹੈ, ਪਰ ਇਸ ਕੁਦਰਤੀ ਆਫ਼ਤ ਨਾਲ ਉਨ੍ਹਾਂ ਉੱਤੇ ਮੁਸੀਬਤਾਂ ਦਾ ਪਹਾੜ ਟੁੱਟ ਪਿਆ। ਉਨ੍ਹਾਂ ਦੱਸਿਆ ਕਿ ਬੱਚੇ ਸਕੂਲ ਵਿੱਚ ਜਾਣ ਕਾਰਨ ਜਾਨੀ ਨੁਕਸਾਨ ਦਾ ਬਚਾਅ ਰਹਿ ਗਿਆ। ਘਰ ਦੇ ਗੁਆਂਢੀ ਜੀਤ ਸਿੰਘ, ਕਾਲਾ ਸਿੰਘ, ਸਤਗੁਰ ਸਿੰਘ, ਗੁਰਚਰਨ ਸਿੰਘ, ਮਹਿੰਦਰ ਸਿੰਘ ਅਤੇ ਦਰਸ਼ਨ ਸਿੰਘ ਨੇ ਪੰਜਾਬ ਸਰਕਾਰ ਤੋਂ ਮਜ਼ਦੂਰ ਨੂੰ ਮੁਆਵਜ਼ਾ ਦੇਣ ਦੀ ਮੰਗ ਕੀਤੀ।
