ਮੁੱਖ ਮੰਤਰੀ ਵੱਲੋਂ “ਆਪ” ‘ਚ ਸ਼ਾਮਿਲ ਕੀਤੇ ਤਿੰਨ ਕੌਂਸਲਰਾਂ ਨੇ 24 ਘੰਟਿਆਂ ਬਾਅਦ ਹੀ ਕਾਂਗਰਸ ‘ਚ ਕੀਤੀ ਘਰ ਵਾਪਸੀ

ਬਰਨਾਲਾ (ਹਰਮਨ) ਵਿਧਾਨ ਸਭਾ ਹਲਕਾ ਭਦੌੜ ਦੀ ਨਗਰ ਕੌਂਸਲ ਭਦੌੜ ਦੇ ਕਾਂਗਰਸੀ ਪ੍ਰਧਾਨ ਮਨੀਸ਼ ਗਰਗ ਬੀਤੇ ਕੱਲ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਹਾਜ਼ਰੀ ਵਿੱਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ ਸਨ । ਨਗਰ ਕੌਂਸਲ ਪ੍ਰਧਾਨ ਮਨੀਸ਼ ਕੁਮਾਰ ਦੇ ਨਾਲ ਸੱਤ ਮੌਜੂਦਾ ਨਗਰ ਕੌਂਸਲਰ ਅਤੇ ਇੱਕ ਸਾਬਕਾ ਨਗਰ ਕੌਂਸਲਰ ਵੀ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ ਪਰ ਉਪਰੋਕਤ ਘਟਨਾਕ੍ਰਮ ਦੇ ਇੱਕ ਦਿਨ ਬਾਅਦ ਹੀ ਉਕਤ ਨਗਰ ਕੌਂਸਲਰਾਂ ਵਿੱਚੋਂ ਦੋ ਮੌਜੂਦਾ ਨਗਰ ਕੌਂਸਲਰਾਂ ਅਤੇ ਇੱਕ ਸਾਬਕਾ ਕੌਂਸਲਰ ਨੇ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਦੀ ਪ੍ਰੇਰਨਾ ਸਦਕਾ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੀ ਹਾਜਰੀ ਵਿੱਚ ਦੁਬਾਰਾ ਕਾਂਗਰਸ ਪਾਰਟੀ ਵਿੱਚ ਘਰ ਵਾਪਸੀ ਕਰ ਲਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਹਲਕਾ ਭਦੌੜ ਦੇ ਸਾਬਕਾ ਵਿਧਾਇਕ ਪਿਰਮਲ ਸਿੰਘ ਧੌਲਾ ਨੇ ਦੱਸਿਆ ਕਿ ਨਗਰ ਕੌਂਸਲ ਪ੍ਰਧਾਨ ਮਨੀਸ਼ ਗਰਗ ਦੇ ਨਾਲ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਏ ਮੌਜੂਦਾ ਨਗਰ ਕੌਂਸਲਰ ਨਾਹਰ ਸਿੰਘ ਔਲਖ, ਸੁਖਚਰਨ ਸਿੰਘ ਪੰਮਾ ਅਤੇ ਸਾਬਕਾ ਨਗਰ ਕੌਂਸਲਰ ਜੰਟਾ ਸਿੰਘ ਨੇ ਦੁਬਾਰਾ ਕਾਂਗਰਸ ਪਾਰਟੀ ਵਿੱਚ ਘਰ ਵਾਪਸੀ ਕੀਤੀ ਹੈ। ਉਹਨਾਂ ਕਿਹਾ ਕਿ ਇਸ ਵਾਰ ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸੀ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਲੋਕਾਂ ਦੇ ਆਸ਼ੀਰਵਾਦ ਸਦਕਾ ਵੱਡੀ ਲੀਡ ਨਾਲ ਜਿੱਤ ਹਾਸਿਲ ਕਰਨਗੇ ਅਤੇ “ਆਪ” ਉਮੀਦਵਾਰ ਗੁਰਮੀਤ ਸਿੰਘ ਮੀਤ ਹੇਅਰ ਦੀ ਹਾਰ ਨੂੰ ਦੇਖਦੇ ਹੋਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੂਸਰੀਆਂ ਪਾਰਟੀਆਂ ਦੇ ਆਗੂਆਂ ਨੂੰ “ਆਪ” ਵਿੱਚ ਸ਼ਾਮਿਲ ਕਰ ਰਹੇ ਹਨ, ਜਿਸ ਤੋਂ ਸਿੱਧ ਹੁੰਦਾ ਹੈ ਕਿ ਇਸ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ।
