ਮੂਨ ਲਾਈਟ ਹਾਈ ਸਕੂਲ ਦੇ ਚੇਅਰਮੈਨ ਸ਼ਿਵ ਕੁਮਾਰ ਕਾਂਸਲ ਅਤੇ ਪ੍ਰਿੰਸੀਪਲ ਅਰਚਨਾ ਕਾਂਸਲ ਦੀ ਰਹਿਨੁਮਾਈ ਹੇਠ ਜਾਦੂ ਦਾ ਸ਼ੋਅ ਦਿਖਾਇਆ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਮੂਨ ਲਾਈਟ ਹਾਈ ਸਕੂਲ ਬੁਢਲਾਡਾ ਦੇ ਚੇਅਰਮੈਨ ਸ੍ਰੀ ਸ਼ਿਵ ਕੁਮਾਰ ਕਾਂਸਲ ਅਤੇ ਸਕੂਲ ਦੇ ਪ੍ਰਿੰਸੀਪਲ ਸ਼੍ਰੀਮਤੀ ਅਰਚਨਾ ਕਾਂਸਲ ਦੀ ਅਗਵਾਈ ਹੇਠ ਸਕੂਲ ਦੇ ਵਿਦਿਆਰਥੀਆਂ ਨੂੰ ਜਾਦੂਗਰ ਕ੍ਰਿਸ਼ਨਾ ਦੇ ਚਲ ਰਿਹਾ ਜਾਦੂ ਦੇ ਸ਼ੋਅ ਨੂੰ ਦਿਖਾਇਆ ਗਿਆ।ਇਸ ਮੌਕੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੂਨ ਲਾਈਟ ਹਾਈ ਸਕੂਲ ਦੇ ਚੇਅਰਮੈਨ ਸ੍ਰੀ ਸ਼ਿਵ ਕੁਮਾਰ ਕਾਂਸਲ ਜੀ ਨੇ ਕਿਹਾ ਕਿ ਬੀਤੇ ਕੁੱਝ ਦਿਨਾਂ ਤੋਂ ਬੁਢਲਾਡਾ ਵਿਖੇ ਚੱਲ ਰਹੇ ਜਾਦੂਗਰ ਕ੍ਰਿਸ਼ਨਾ ਦੇ ਜਾਦੂ ਦੇ ਸ਼ੋਅ ਨੂੰ ਸਕੂਲ ਦੇ ਬੱਚਿਆਂ ਤੱਕ ਦਿਖਾਉਣ ਦਾ ਮੁੱਖ ਮੰਤਵ ਉਨ੍ਹਾਂ ਨੂੰ ਭਰੂਣ ਹੱਤਿਆ, ਨਸ਼ਾਖੋਰੀ ਤੋਂ ਦੂਰ ਰਹਿਣ ਸੰਬੰਧੀ ਅਤੇ ਸਮਾਜ ਵਿੱਚ ਘੋਰ ਅੰਧ ਵਿਸ਼ਵਾਸਾਂ ਤੋਂ ਸੁਚੇਤ ਰਹਿਣ ਲਈ ਜਾਗਰੂਕ ਕਰਨਾ ਹੈ। ਉਨ੍ਹਾਂ ਕਿਹਾ ਕਿ ਸਮਾਜ ਵਿਚ ਵੱਧ ਰਹੇ ਭ੍ਰਿਸ਼ਟਾਚਾਰ ਅਤੇ ਅਨੇਕਾਂ ਮਨਘੜੰਤ ਗੱਲਾਂ ਵਿਰੁੱਧ ਜਾਦੂ ਦੇ ਸ਼ੋਅ ਰਾਹੀਂ ਨੌਜਵਾਨਾਂ ਅਤੇ ਬੱਚਿਆਂ ਨੂੰ ਇਸ ਸਬੰਧੀ ਸੁਚੇਤ ਕਰਨਾ ਇੱਕ ਵਿਸ਼ੇਸ਼ ਉਪਰਾਲਾ ਹੈ। ਉਨ੍ਹਾਂ ਜਾਦੂਗਰ ਕ੍ਰਿਸ਼ਨਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸ਼ੋਅ ਬੱਚਿਆਂ ਦਾ ਮਨੋਰੰਜਨ ਕਰਦੇ ਹਨ ਅਤੇ ਆਉਣ ਵਾਲੀ ਪੀੜ੍ਹੀ ਨੂੰ ਸਮਾਜਿਕ ਭਾਈਚਾਰਾ ਸਿਖਾਉਂਦੇ ਹਨ। ਉਨ੍ਹਾਂ ਕਿਹਾ ਕਿ ਆਪਣੀ ਕਲਾ ਦੇ ਹੁਨਰ ਅਤੇ ਜਾਦੂ ਦੇ ਅਦਭੁੱਤ ਨਜ਼ਾਰੇ ਨਾਲ ਉਨ੍ਹਾਂ ਪੂਰੇ ਬੁਢਲਾਡਾ ਨਿਵਾਸੀਆਂ ਦਾ ਦਿਲ ਜਿੱਤਿਆ ਹੈ। ਅਜਿਹੇ ਸ਼ੋਅ ਹਰ ਸਾਲ ਕਰਵਾਏ ਜਾਣ ਦਾ ਸੰਦੇਸ਼ ਦਿੱਤਾ। ਜਾਦੂਗਰ ਕ੍ਰਿਸ਼ਨਾ ਨੇ ਮੂਨ ਲਾਈਟ ਹਾਈ ਸਕੂਲ ਦੇ ਚੇਅਰਮੈਨ ਸ੍ਰੀ ਸ਼ਿਵ ਕੁਮਾਰ ਕਾਂਸਲ ਜੀ ਅਤੇ ਪ੍ਰਿੰਸੀਪਲ ਸ਼੍ਰੀਮਤੀ ਅਰਚਨਾ ਕਾਂਸਲ ਅਤੇ ਸਮੂਹ ਸਕੂਲ ਸਟਾਫ਼ ਦੁਆਰਾ ਵਿਦਿਆਰਥੀਆਂ ਨਾਲ ਜਾਦੂ ਦੇ ਸ਼ੋਅ ਤੇ ਪਹੁੰਚਣ ਉੱਤੇ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਸ਼ੋਅ ਬੁਢਲਾਡਾ ਵਿਖੇ 20 ਅਪ੍ਰੈਲ ਤੱਕ ਵੱਖ ਵੱਖ ਸਕੂਲਾਂ ਦੇ ਵਿਦਿਆਰਥੀਆਂ ਅਤੇ ਲੋਕਾਂ ਨੂੰ ਦਿਖਾਇਆ ਜਾਵੇਗਾ।
