ਮੂਲੇਵਾਲ ਖਹਿਰਾ ਵਿਖੇ ਚੋਰਾਂ ਨੇ ਬੰਦ ਪਏ ਘਰ ਨੂੰ ਬਣਾਇਆ ਨਿਸ਼ਾਨਾਂ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਸ਼ਾਹਕੋਟ ਦੇ ਨਜ਼ਦੀਕੀ ਪਿੰਡ ਮੂਲੇਵਾਲ ਖਹਿਰਾ ਵਿਖੇ ਚੋਰਾਂ ਨੇ ਬੰਦ ਪਏ ਇੱਕ ਘਰ ਨੂੰ ਨਿਸ਼ਾਨਾ ਬਣਾ ਲੱਖਾ ਰੁਪਏ ਦਾ ਸਮਾਨ ਚੋਰੀ ਕਰ ਲਿਆ। ਜਾਣਕਾਰੀ ਅਨੁਸਾਰ ਜੋਗਿੰਦਰ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਮੂਲੇਵਾਲ ਖਹਿਰਾ ਦੀਆਂ ਤਿੰਨ ਲੜਕੀਆਂ ਹਨ, ਜਿਨ੍ਹਾਂ ਵਿੱਚੋਂ ਇੱਕ ਲੜਕੀ ਪਿੰਡ ਕੰਨੀਆ ਕਲਾਂ (ਸ਼ਾਹਕੋਟ) ਵਿਖੇ ਵਿਆਹੀ ਹੈ ਅਤੇ ਦੋ ਵਿਦੇਸ਼ ਵਿੱਚ ਹਨ। ਜੋਗਿੰਦਰ ਸਿੰਘ ਦੀ ਮੌਤ ਤੋਂ ਬਾਅਦ ਉਸ ਦੀ ਕੰਨੀਆ ਰਹਿੰਦੀ ਲੜਕੀ ਸਰਬਜੀਤ ਕੌਰ ਹੀ ਘਰ ਦੀ ਦੇਖ-ਰੇਖ ਕਰਦੀ ਸੀ। ਸਰਬਜੀਤ ਕੌਰ ਨੇ ਦੱਸਿਆ ਕਿ ਉਸ ਨੇ ਘਰ ਦੀ ਸਾਫ਼-ਸਫ਼ਾਈ ਲਈ ਇੱਕ ਔਰਤ ਨੂੰ ਕੰਮ ਲਈ ਰੱਖਿਆ ਹੈ ਜੋ ਕੁੱਝ ਦਿਨਾਂ ਬਾਅਦ ਆ ਕੇ ਘਰ ਵਿੱਚ ਸਾਫ਼-ਸਫ਼ਾਈ ਕਰਦੀ ਸੀ। ਉਸ ਨੇ ਦੱਸਿਆ ਕਿ ਉਹ ਖੁਦ ਪਿੱਛਲੇ ਤਿੰਨ ਮਹੀਨੇ ਤੋਂ ਆਪਣੇ ਪੇਕੇ ਘਰ ਮੂਲੇਵਾਲ ਖਹਿਰਾ ਨਹੀਂ ਆ ਸਕੀ ਅਤੇ ਕੰਮ ਕਰਨ ਵਾਲੀ ਔਰਤ ਕਰੀਬ 10-15 ਦਿਨ ਪਹਿਲਾ ਹੀ ਘਰ ਸਫ਼ਾਈ ਕਰਕੇ ਗਈ ਸੀ। ਅੱਜ ਬਾਅਦ ਦੁਪਹਿਰ ਜਦ ਸਰਬਜੀਤ ਕੌਰ ਆਪਣੇ ਪੇਕੇ ਘਰ ਆਈ ਤਾਂ ਦੇਖਿਆ ਕਿ ਘਰ ਅੰਦਰ ਕਮਰਿਆ ਦੇ ਸਾਰੇ ਦਰਵਾਜ਼ੇ ਖੁੱਲ੍ਹੇ ਪਏ ਸਨ ਅਤੇ ਕਮਰਿਆ ਅੰਦਰ ਪਿਆ ਸਾਰਾ ਸਮਾਨ ਖਿਲਰਿਆ ਪਿਆ ਸੀ। ਇਸ ਤੋਂ ਇਲਾਵਾ ਕਮਰਿਆ ਅੰਦਰ ਪਏ ਬਾਕਸ ਬੈੱਡ, ਅਲਮਾਰੀਆਂ ਖੁੱਲੀਆ ਪਈਆਂ ਸਨ ਅਤੇ ਉਨ੍ਹਾਂ ਅੰਦਰ ਪਿਆ ਸਾਰਾ ਸਮਾਨ ਵੀ ਚੋਰਾਂ ਵੱਲੋਂ ਖਿਲਾਰਿਆ ਹੋਇਆ ਸੀ। ਸਰਬਜੀਤ ਕੌਰ ਨੇ ਦੱਸਿਆ ਕਿ ਚੋਰ ਮੁੱਖ ਦਰਵਾਜ਼ੇ ਅਤੇ ਕਮਰਿਆ ਦੇ ਤਾਲੇ ਤੋੜ ਕੇ ਘਰ ਅੰਦਰ ਦਾਖ਼ਲ ਹੋਏ ਅਤੇ ਘਰ ਦੇ ਕਮਰੇ ਵਿੱਚੋਂ ਇੱਕ ਐਲ.ਈ.ਡੀ., ਰਸੋਈ ਵਿੱਚੋ 3 ਸਲੰਡਰ, ਇੱਕ ਮਾਈਕ੍ਰੋਵੇਵ, ਭਾਂਡੇ, ਸੀ.ਸੀ. ਟੀ.ਵੀ. ਕੈਮਰਿਆ ਦਾ ਡੀ.ਵੀ.ਆਰ., ਕੀਮਤੀ ਕੱਪੜੇ ਅਤੇ ਹੋਰ ਬਹੁਤ ਸਾਰਾ ਕੀਮਤੀ ਸਮਾਨ ਚੋਰੀ ਕਰਕੇ ਲੈ ਗਏ। ਉਨ੍ਹਾਂ ਦੱਸਿਆ ਕਿ ਇਸ ਵਾਰਦਾਤ ਦੌਰਾਨ ਉਨ੍ਹਾਂ ਦਾ ਕਰੀਬ ਢਾਈ ਤੋਂ ਤਿੰਨ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਵਾਰਦਾਤ ਸਬੰਧੀ ਜਦ ਪਿੰਡ ਦੇ ਸਰਪੰਚ ਬਚਿੱਤਰ ਸਿੰਘ ਨੂੰ ਜਾਣਕਾਰੀ ਦਿੱਤੀ ਤਾਂ ਉਨ੍ਹਾਂ ਮੌਕੇ ਤੇ ਪਹੁੰਚ ਕੇ ਇਸ ਘਟਨਾ ਦੀ ਸੂਚਨਾ ਸ਼ਾਹਕੋਟ ਪੁਲਿਸ ਨੂੰ ਦਿੱਤੀ। ਜਿਸ ਉਪਰੰਤ ਏ.ਐਸ.ਆਈ. ਬਲਵੀਰ ਚੰਦ ਥਾਣਾ ਸ਼ਾਹਕੋਟ ਪੁਲਿਸ ਪਾਰਟੀ ਸਮੇਤ ਮੌਕੇ ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕਰ ਦਿੱਤੀ। ਜਾਂਚ ਅਧਿਕਾਰੀ ਬਲਵੀਰ ਚੰਦ ਨੇ ਦੱਸਿਆ ਕਿ ਆਸ-ਪਾਸ ਲੱਗੇ ਸੀ.ਸੀ. ਟੀ.ਵੀ. ਕੈਮਰੇ ਚੈੱਕ ਕੀਤੇ ਜਾ ਰਹੇ ਹਨ ਅਤੇ ਜਲਦ ਹੀ ਚੋਰਾਂ ਨੂੰ ਕਾਬੂ ਕਰ ਲਿਆ ਜਾਵੇਗਾ।
