August 7, 2025
#National

ਮੈਡੀਕਲ ਪ੍ਰੈਕਟੀਸਨਰਾਂ ਬਾਰੇ ਅਖ਼ਬਾਰਾਂ ਵਿੱਚ ਬੇਤੁਕੀ ਬਿਆਨਬਾਜ਼ੀ ਬੰਦ ਕੀਤੀ ਜਾਵੇ – ਬਲਾਕ ਪ੍ਰਧਾਨ ਸੁਖਪਾਲ ਸਿੰਘ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਪਿਛਲੇ ਦਿਨੀਂ ਪੰਜਾਬ ਦੇ ਇੱਕ ਪ੍ਰਮੁੱਖ ਅਖਬਾਰ ਵਿੱਚ ਪਿੰਡਾਂ ਵਿੱਚ ਸਾਫ ਸੁਥਰੀਆਂ ਅਤੇ ਸਸਤੀਆਂ ਸਿਹਤ ਸੇਵਾਵਾਂ ਪ੍ਰਦਾਨ ਕਰ ਰਹੇ ਮੈਡੀਕਲ ਪ੍ਰੈਕਟੀਸਨਰਾਂ ਬਾਰੇ “ਝੋਲਾ ਛਾਪ ਡਾਕਟਰਾਂ ਦੀ ਭਰਮਾਰ ਸਿਰਲੇਖ ਹੇਠ ਛਪੇ ਲੇਖ ਨਾਲ ਪੰਜਾਬ ਦੇ ਲੱਖਾਂ ਜਥੇਬੰਦੀ ਦੇ ਮੈਂਬਰਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ ਅਤੇ ਅਜਿਹੇ ਲੇਖ ਲਿਖਣ ਵਾਲੇ ਲੋਕਾਂ ਨੂੰ ਪੰਜਾਬ ਦੇ ਪਿੰਡਾਂ ਅਤੇ ਸ਼ਹਿਰੀ ਬਸਤੀਆਂ ਵਿੱਚ ਸਰਕਾਰੀ ਸਿਹਤ ਸਹੂਲਤਾਂ ਬਾਰੇ ਪੜਚੋਲ ਕਰ ਲੈਣੀ ਚਾਹੀਦੀ ਹੈ। ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਬਲਾਕ ਬੋਹਾ ਦੇ ਪ੍ਰਧਾਨ ਸੁਖਪਾਲ ਸਿੰਘ ਹਾਕਮ ਵਾਲਾ ਨੇ ਜਥੇਬੰਦੀ ਦੀ ਮੀਟਿੰਗ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ। ਉਹਨਾਂ ਆਖਿਆ ਕਿ ਕਿ ਪੰਜਾਬ ਸਰਕਾਰ ਵੱਲੋਂ ਪਿੰਡਾਂ ਅਤੇ ਸ਼ਹਿਰੀ ਬਸਤੀਆਂ ਵਿੱਚ ਦਿਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਨਿਗੁਣੀਆਂ ਸਾਬਤ ਹੋ ਰਹੀਆਂ ਹਨ ਕਿਉਂਕਿ ਜਿੱਥੇ ਕੁੱਝ ਕੁ ਕਸਬਿਆਂ ਵਿੱਚ ਖੋਲੇ ਮੁਹੱਲਾ ਕਲੀਨਿਕ ਅਤੇ ਮਿੰਨੀ ਹਸਪਤਾਲ ਡਾਕਟਰਾਂ ਦੀ ਘਾਟ ਕਾਰਨ ਚਿੱਟਾ ਹਾਥੀ ਸਾਬਤ ਹੋ ਰਹੇ ਹਨ ਉੱਥੇ ਪਿੰਡਾਂ ਵਿੱਚ ਸਿਰਫ ਮਲੇਰੀਆ ਰੋਕੂ ਟੀਮਾਂ ਅਤੇ ਆਸ਼ਾ ਵਰਕਰਾਂ ਨਾਲ ਹੀ ਬੁੱਤਾ ਸਾਰਿਆ ਜਾ ਰਿਹਾ ਹੈ ਜਦੋਂ ਕਿ ਦੇਰ ਸ਼ਾਮ ਅਤੇ ਰਾਤਾਂ ਨੂੰ ਔਖੇ ਸੌਖੇ ਵੇਲੇ ਕੋਈ ਵੀ ਸਰਕਾਰੀ ਸਹੁਲਤ ਲੋਕਾਂ ਲਈ ਉਪਲੱਬਧ ਨਹੀਂ ਹੈ ਅਤੇ ਪਿੰਡਾਂ ਦੇ ਲੋਕ ਸਿਰਫ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਦੇ ਮੈਂਬਰਾਂ ਤੇ ਹੀ ਨਿਰਭਰ ਹਨ।ਬਲਾਕ ਚੇਅਰਮੈਨ ਕੁਲਵੰਤ ਸਿੰਘ ਅੱਕਾਵਾਲੀ ਨੇ ਆਖਿਆ ਕਿ ਜਿੰਨਾ ਨੂੰ ਝੋਲਾ ਛਾਪ ਕਹਿਕੇ ਭੰਡਿਆ ਜਾ ਰਿਹਾ ਹੈ ਪਿੰਡਾਂ ਵਾਲੇ ਇਹ ਡਾਕਟਰ ਹੀ ਰਾਤ ਬਰਾਤੇ ਜਾਂ ਐਮਰਜੈਂਸੀ ਵਿੱਚ ਲੋਕਾਂ ਨੂੰ ਮੁਢਲੀਆਂ ਸਿਹਤ ਸਹੂਲਤਾਂ ਦੇਕੇ ਲੱਖਾਂ ਕੀਮਤੀ ਜਾਨਾਂ ਬਚਾ ਰਹੇ ਹਨ ਜਿਸ ਸੰਬੰਧੀ ਪਿੰਡਾਂ ਵਿੱਚ ਜਾਕੇ ਕਿਸੇ ਵੀ ਮੋਹਤਬਰ ਬੰਦਿਆਂ ਤੋਂ ਪਤਾ ਕੀਤਾ ਜਾ ਸਕਦਾ ਹੈ। ਜਥੇਬੰਦੀ ਦੇ ਸਕੱਤਰ ਹਰਬੰਸ ਸਿੰਘ ਭੀਮੜਾ ਨੇ ਆਖਿਆ ਕਿ ਜ਼ਿਆਦਾਤਰ ਸਰਕਾਰੀ ਹਸਪਤਾਲਾਂ ਵਿੱਚ ਮੁੱਖ ਡਾਕਟਰਾਂ, ਨਰਸਾਂ ਲੈਬ ਟੈਕਨੀਸ਼ੀਅਨਜ ਦੀਆਂ ਅਸਾਮੀਆਂ ਖਾਲੀ ਪਈਆਂ ਹੋਣ ਕਾਰਨ ਲੋਕਾਂ ਨੂੰ ਮਹਿੰਗੇ ਪ੍ਰਾਈਵੇਟ ਹਸਪਤਾਲਾਂ ਤੇ ਨਿਰਭਰ ਹੋਣਾ ਪੈ ਰਿਹਾ ਹੈ ਪਰ ਅੱਜ ਮਹਿੰਗਾਈ ਦੇ ਯੁੱਗ ਵਿੱਚ ਇਹਨਾਂ ਪ੍ਰਾਈਵੇਟ ਹਸਪਤਾਲਾਂ ਤੋਂ ਇਲਾਜ ਕਰਵਾਉਣਾਂ ਗਰੀਬ ਕਿਸਾਨਾਂ, ਮਜ਼ਦੂਰਾਂ ਦੁਕਾਨਦਾਰਾਂ ਦੀ ਪਹੁੰਚ ਤੋਂ ਬਾਹਰ ਹੈ ਜਿਸ ਕਾਰਨ ਗਰੀਬ ਲੋਕ ਦਿਨ ਰਾਤ ਲੋਕਾਂ ਦੀ ਸੇਵਾ ਵਿੱਚ ਹਾਜ਼ਰ ਰਹਿਣ ਵਾਲੇ ਪੇਂਡੂ ਡਾਕਟਰਾਂ ਤੋਂ ਹੀ ਸਸਤਾ ਇਲਾਜ ਕਰਵਾਕੇ ਛੋਟੀਆਂ ਮੋਟੀਆਂ ਬੀਮਾਰੀਆਂ ਤੋਂ ਛੁਟਕਾਰਾ ਪਾ ਰਹੇ ਹਨ।ਜਥੇਬੰਦੀ ਦੇ ਆਗੂਆਂ ਨੇ ਆਖਿਆ ਕਿ ਸਾਡੀ ਜਥੇਬੰਦੀ ਭਰੂਣ ਹੱਤਿਆਂ, ਨਸ਼ਾ ਖੋਰੀ ਵਰਗੀਆਂ ਸਮਾਜਿਕ ਬੁਰਾਈਆਂ ਖ਼ਿਲਾਫ਼ ਸਮੇਂ ਸਮੇਂ ਤੇ ਜਥੇਬੰਦੀ ਦੇ ਮੈਂਬਰਾਂ ਅਤੇ ਲੋਕਾਂ ਨੂੰ ਜਾਗਰੂਕ ਕਰਨ ਦੇ ਨਾਲ-ਨਾਲ ਸਮਾਜ ਸੇਵਾ ਦੇ ਕੰਮਾਂ ਵਿੱਚ ਵੀ ਵੱਧ ਚੜਕੇ ਹਿੱਸਾ ਲੈ ਰਹੀ ਹੈ।ਪਰ ਕੁਝ ਲੋਕ ਪਿੰਡਾਂ ਵਾਲੇ ਡਾਕਟਰਾਂ ਦੀ ਨਿਰਸੁਆਰਥ ਸੇਵਾ ਦੀ ਸ਼ਲਾਘਾ ਕਰਨ ਦੀ ਬਜਾਏ ਇਹਨਾਂ ਨੂੰ ਝੋਲਾ ਛਾਪ ਕਹਿਕੇ ਬਦਨਾਮ ਕਰ ਰਹੇ ਹਨ ਜਿਸਦੀ ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਸਖਤ ਸ਼ਬਦਾਂ ਵਿੱਚ ਨਿੰਦਾ ਕਰਦੀ ਹੈ।

Leave a comment

Your email address will not be published. Required fields are marked *