August 6, 2025
#Punjab

ਮੋਟਰਸਾਈਕਲ ਤੇ ਸਕੂਟਰੀ ਦੀ ਟੱਕਰ ਦੌਰਾਨ 2 ਨੌਜਵਾਨਾਂ ਦੀ ਮੌਤ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਪਿੰਡ ਮਾਣਕਪੁਰ ਨਜ਼ਦੀਕ ਅੱਜ ਦੇਰ ਸ਼ਾਮ ਇੱਕ ਮੋਟਰਸਾਈਕਲ ਤੇ ਸਕੂਟਰੀ ਦੀ ਜ਼ਬਰਦਸਤ ਟੱਕਰ ਦੌਰਾਨ 2 ਨੌਜਵਾਨਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਮਨਦੀਪ ਸਿੰਘ ਪੁੱਤਰ ਕੁੰਦਨ ਸਿੰਘ, ਗੋਰਾ ਪੁੱਤਰ ਘੁੱਲਾ ਰਾਮ ਅਤੇ ਹਰਜੀਤ ਸਿੰਘ ਪੁੱਤਰ ਲਹਿੰਬਰ ਸਿੰਘ ਵਾਸੀ ਪਿੰਡ ਜਲਾਲਪੁਰ ਕਲਾਂ ਥਾਣਾ ਲੋਹੀਆਂ ਖ਼ਾਸ ਲੇਬਰ ਦਾ ਕੰਮ ਕਰਦੇ ਸਨ। ਸ਼ਾਮ ਕਰੀਬ 7 ਵਜੇ ਤਿੰਨੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਜਦੋਂ ਪਿੰਡ ਮਾਣਕਪੁਰ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਆ ਰਹੇ ਇੱਕ ਸਕੂਟਰੀ ’ਤੇ ਸਵਾਰ ਬਜ਼ੁਰਗ ਸਵਰਨ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਨਵਾਂ ਪਿੰਡ ਅਕਾਲੀਆਂ (ਸ਼ਾਹਕੋਟ) ਅਤੇ ਇੰਨ੍ਹਾਂ ਦੇ ਮੋਟਰਸਾਈਕਲ ਤੇ ਸਕੂਟਰੀ ਦੀ ਆਹਮੋ-ਸਾਹਮਣੀ ਜ਼ਬਰਦਸਤ ਟੱਕਰ ਹੋ ਗਈ। ਹਾਦਸੇ ਦੌਰਾਨ ਸਾਰੇ ਵਿਅਕਤੀ ਸੜਕ ’ਤੇ ਬੁਰੀ ਤਰ੍ਹਾਂ ਡਿੱਗੇ, ਜਿੰਨ੍ਹਾਂ ’ਚ ਮੋਟਰਸਾਈਕਲ ਸਵਾਰ 2 ਨੌਜਵਾਨਾਂ ਮਨਦੀਪ ਸਿੰਘ (26) ਤੇ ਗੋਰਾ (27) ਦੀ ਮੌਕੇ ’ਤੇ ਮੌਤ ਹੋ ਗਈ। ਜਦਕਿ ਮੋਟਰਸਾਈਕਲ ਸਵਾਰ ਹਰਜੀਤ ਸਿੰਘ ਤੇ ਸਕੂਟਰੀ ਸਵਾਰ ਬਜ਼ੁਰਗ ਸਵਰਨ ਸਿੰਘ ਗੰਭੀਰ ਜ਼ਖਮੀ ਹੋ ਗਏ, ਜਿੰਨ੍ਹਾਂ ਨੂੰ ਤੁਰੰਤ ਸ਼ਾਹਕੋਟ ਦੇ ਸਰਕਾਰੀ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਐਮਰਜੈਂਸੀ ਡਿਊਟੀ ’ਤੇ ਮੌਜੂਦ ਮੈਡੀਕਲ ਅਫ਼ਸਰ ਡਾ. ਰਾਹੁਲ ਨੇ ਦੋਹਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਜਲੰਧਰ ਰੈਫਰ ਕਰ ਦਿੱਤਾ। ਹਾਦਸੇ ਬਾਰੇ ਪਤਾ ਲੱਗਣ ’ਤੇ ਥਾਣਾ ਸ਼ਾਹਕੋਟ ਦੇ ਏ.ਐਸ.ਆਈ. ਪੂਰਨ ਸਿੰਘ ਮੌਕੇ ’ਤੇ ਪਹੁੰਚੇ ਅਤੇ ਜਾਂਚ ਸ਼ੁਰੂ ਕੀਤੀ। ਜਾਂਚ ਅਧਿਕਾਰੀ ਪੂਰਨ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਹਾਦਸਾਗ੍ਰਸਤ ਵਾਹਨ ਅਤੇ ਲਾਸ਼ਾਂ ਕਬਜ਼ੇ ’ਚ ਲੈ ਕੇ ਲਾਸ਼ਾਂ ਪੋਸਟਮਾਰਟਮ ਲਈ ਨਕੋਦਰ ਭੇਜ ਦਿੱਤੀਆਂ ਹਨ ਅਤੇ ਮਿ੍ਰਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।

Leave a comment

Your email address will not be published. Required fields are marked *