ਮੋਟਰਸਾਈਕਲ ਸਵਾਰ ਲੁਟੇਰੇ ਔਰਤ ਤੇ ਨੌਜਵਾਨ ਦੇ ਮੋਬਾਇਲ ਝਪਟ ਕੇ ਫਰਾਰ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਮਲਸੀਆਂ ਇਲਾਕੇ ਵਿਚ ਲੁੱਟਾਂ-ਖੋਹਾਂ ਤੇ ਚੋਰੀਆਂ ਦਿਨ-ਪ੍ਰਤੀ ਦਿਨ ਵੱਧਦੀਆਂ ਜਾ ਰਹੀਆਂ ਹਨ। ਮੇਨ ਚੌਂਕ ਵਿਚ ਕੋਈ ਵੀ ਨਾਕਾਬੰਦੀ ਨਾ ਹੋਣ ਕਾਰਨ ਚੋਰਾਂ-ਲੁਟੇਰਿਆਂ ਦੇ ਹੌਂਸਲੇ ਬੁਲੰਦ ਹਨ। ਮਲਸੀਆਂ ਵਿਖੇ ਦਿਨ-ਦਿਹਾੜੇ ਮੋਟਰਸਾਈਕਲ ਸਵਾਰ ਝਪਟਮਾਰ ਲੁਟੇਰੇ ਇੱਕ ਔਰਤ ਤੇ ਇੱਕ ਨੌਜਵਾਨ ਦਾ ਮੋਬਾਇਲ ਝਪਟ ਕੇ ਫਰਾਰ ਹੋ ਗਏ। ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਚੰਚਲ ਰਾਣੀ ਪਤਨੀ ਵਰਿੰਦਰ ਕੁਮਾਰ ਨੇ ਦੱਸਿਆ ਕਿ ਉਹ ਮੇਨ ਬਜ਼ਾਰ, ਮਲਸੀਆਂ ਵਿਖੇ ਕਰਿਆਨੇ ਦੀ ਦੁਕਾਨ ਤੇ ਜਾ ਰਹੀ ਸੀ ਕਿ ਜਦੋਂ ਮੰਦਿਰ ਤੋਂ ਥੋੜ੍ਹਾ ਅੱਗੇ ਗਈ ਤਾਂ ਪਿੱਛੋਂ ਆਏ ਮੋਟਰਸਾਈਕਲ ਸਵਾਰ 2 ਲੁਟੇਰੇ ਮੇਰੇ ਹੱਥ ’ਚ ਫੜ੍ਹਿਆ ਸੈਮਸੰਗ ਕੰਪਨੀ ਦਾ ਮੋਬਾਇਲ ਖੋਹ ਕੇ ਤੇਜ਼ੀ ਨਾਲ ਫਰਾਰ ਹੋ ਗਏ, ਜਿੰਨ੍ਹਾਂ ਦੀ ਇਹ ਹਰਕਤ ਉਥੇ ਨੇੜੇ ਹੀ ਲੱਗੇ ਸੀ.ਸੀ.ਟੀ.ਵੀ. ਕੈਮਰੇ ’ਚ ਕੈਦ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਘਟਨਾ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਹੈ। ਇਸੇ ਤਰ੍ਹਾਂ ਬਿਕਰਮਜੀਤ ਪੁੱਤਰ ਮਨੋਹਰ ਲਾਲ ਵਾਸੀ ਪੱਤੀ ਖੁਰਮਪੁਰ (ਮਲਸੀਆਂ) ਨੇ ਦੱਸਿਆ ਕਿ ਉਹ ਬੱਸ ਸਟੈਂਡ, ਮਲਸੀਆਂ ਨਜ਼ਦੀਕ ਛੋਟੀ ਜਿਹੀ ਦੁਕਾਨ ਕਰਦਾ ਹੈ। ਸ਼ਾਮ ਕਰੀਬ 5 ਵਜੇ ਉਹ ਦੁਕਾਨ ਦੇ ਮੂਹਰੇ ਖੜ੍ਹਾ ਕਿਸੇ ਨਾਲ ਆਪਣੇ ਰੀਅਲਮੀ ਸੀ. 55 ਮੋਬਾਈਲ ’ਤੇ ਗੱਲਬਾਤ ਕਰ ਰਿਹਾ ਸੀ ਕਿ ਸਾਹਮਣੇ ਤੋਂ ਆਏ ਮੋਟਰਸਾਈਕਲ ਸਵਾਰ 2 ਲੁਟੇਰੇ ਉਸਦਾ ਮੋਬਾਇਲ ਖੋਹ ਕੇ ਨਕੋਦਰ ਵੱਲ ਨੂੰ ਫ਼ਰਾਰ ਹੋ ਗਏ।
