ਮੱਲ੍ਹੀਆਂ ਕਲਾਂ ਦੀ ਦਾਣਾ ਮੰਡੀ ਚੋ 32 ਗੱਟੇ ਮੱਕੀ ਚੋਰੀ

ਮੱਲ੍ਹੀਆਂ ਕਲਾਂ, ਦੋਨਾ ਇਲਾਕੇ ਵਿੱਚ ਚੋਰਾ ਵੱਲੋ ਅਪਣੀ ਦਹਿਸ਼ਤ ਨੂੰ ਬਰਕਰਾਰ ਰੱਖਦਿਆ ਚੋਰੀ ਦੀਆ ਵਾਰਦਾਤਾ ਨੂੰ ਲਗਾਤਾਰ ਅੰਜਾਮ ਦਿੱਤਾ ਜਾ ਰਿਹਾ ਹੈ। ਬੀਤੀ ਰਾਤ ਤੜਕਸਾਰ ਸਥਾਨਿਕ ਕਸਬਾ ਮੱਲ੍ਹੀਆਂ ਕਲਾਂ ਦੀ ਦਾਣਾ ਮੰਡੀ ਵਿੱਚੋਂ ਇੱਕ ਆੜਤ ਦੀ ਦੁਕਾਨ ਤੋਂ 32 ਬੋਰੇ ਮੱਕੀ ਦੇ ਚੋਰੀ ਕਰ ਲਏ ਗਏ ।ਇਸ ਚੋਰੀ ਸਬੰਧੀ ਪ੍ਰੈਸ ਨਾਲ ਗੱਲਬਾਤ ਕਰਦੇ ਹੋਏ ਆੜਤੀਆ ਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਨਕੋਦਰ ਨਿਰਮਲ ਸਿੰਘ ਮੱਲੀ ਨੇ ਦੱਸਿਆ ਕਿ ਮੰਡੀ ਵਿੱਚ ਪੱਲੇਦਾਰ ਦੇਰ ਰਾਤ ਤੱਕ ਕੰਮ ਕਰਨ ਮਗਰੋਂ ਗੂੜੀ ਨੀਂਦ ਸੌਂ ਗਏ ਅਤੇ ਤੜਕਸਾਰ ਚੋਰਾਂ ਵੱਲੋਂ ਫੜ ਵਿੱਚੋ ਮੱਕੀ ਦੇ 32 ਬੋਰੇ 1600 ਕਿਲੋ ਮੱਕੀ ਨੂੰ ਚੋਰੀ ਕਰ ਲਿਆ ਗਿਆ ਜਿਸ ਦਾ ਕਿ ਸਾਨੂੰ ਸਵੇਰੇ ਹੀ ਪਤਾ ਲੱਗਿਆ। ਮੱਲੀ ਨੇ ਹੋਰ ਦੱਸਿਆ ਕਿ ਇਲਾਕੇ ਅੰਦਰ ਲੁੱਟ ਖੋਹ ਤੇ ਚੋਰੀ ਦੀਆ ਵਾਰਦਾਤਾ ਰੁੱਕਣ ਦਾ ਨਾਮ ਨਹੀ ਲੈ ਰਹੀਆ ਜਿਸ ਕਾਰਨ ਲੋਕਾ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।ਉਨਾਂ ਨੇ ਰੋਸ ਜਾਹਿਰ ਕਰਦਿਆਂ ਕਿਹਾ ਕਿ ਪੁਲਿਸ ਵੱਲੋਂ ਚੋਰੀ ਦੀ ਕੋਈ ਕਾਰਵਾਈ ਠੀਕ ਢੰਗ ਨਾਲ ਨਾ ਹੋਣ ਕਾਰਨ ਪੁਲਿਸ ਨੂੰ ਚੋਰੀ ਬਾਰੇ ਦੱਸਣ ਤੋਂ ਵੀ ਗਰੇਜ਼ ਕਰ ਰਹੇ ਹਨ । ਇੱਥੇ ਵਰਨਣ ਯੋਗ ਹੈ ਕਿ ਕਣਕ ਦੇ ਸੀਜ਼ਨ ਮੌਕੇ ਵੀ ਮੰਡੀ ਵਿੱਚੋਂ ਆੜਤੀਏ ਬਲਕਾਰ ਸਿੰਘ ਦੇ ਫੜ ਵਿੱਚੋਂ ਦੋ ਵਾਰ ਚੋਰੀ ਹੋ ਚੁੱਕੀ ਹੈ ਪਰ ਚੋਰ ਅਜੇ ਤੱਕ ਪੁਲਿਸ ਦੀ ਪਹੁੰਚ ਤੋਂ ਬਹੁਤ ਦੂਰ ਹਨ। ਲੋਕ ਪੁਲਸ ਪ੍ਰਸ਼ਾਸਨ ਦੀ ਘਟੀਆ ਕਾਰਗੁਜ਼ਾਰੀ ਤੋ ਤੰਗ ਆ ਚੁੱਕੇ ਹਨ।ਨਿੱਤ ਹੀ ਕੋਈ ਨਾ ਕੋਈ ਲੁੱਟ ਤੇ ਚੋਰੀ ਦੀ ਘਟਨਾ ਵਾਪਰ ਜਾਂਦੀ ਹੈ ।ਉੱਗੀ ਪੁਲਸ ਚੌਕੀ ਤੇ ਸਦਰ ਥਾਣਾ ਨਕੋਦਰ ਦੀ ਪੁਲਿਸ ਵੱਲੋਂ ਦਿਨ ਤੇ ਰਾਤ ਨੂੰ ਬਹੁਤ ਘੱਟ ਮਾਤਰਾ ਵਿੱਚ ਗ਼ਸਤ ਵੇਖਣ ਨੂੰ ਮਿਲ ਰਹੀ ਹੈ।ਆੜਤੀਆ ਐਸੋਸੀਏਸ਼ਨ ਮੱਲ੍ਹੀਆਂ ਕਲਾਂ ਦੇ ਆੜਤੀਆ ਬਲਕਾਰ ਸਿੰਘ ਚਮਦਲ ਪਰਮਜੀਤ ਸਿੰਘ ਚਮਦਲ ਤੇ ਮੁਖਤਿਆਰ ਸਿੰਘ ਚੱਠਾ ਨੇ ਨਿਤ ਹੋ ਰਹੀਆਂ ਚੋਰੀਆਂ ਦੀ ਨਿਖੇਦੀ ਕਰਦੇ ਹੋਏ ਪੁਲਿਸ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਚੋਰੀ ਦੀਆਂ ਘਟਨਾਵਾਂ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾਵੇ ਤੇ ਦੋਨਾ ਇਲਾਕੇ ਦੇ ਲੋਕਾ ਨੂੰ ਚੋਰਾ ਦੀ ਦਹਿਸ਼ਤ ਵਿੱਚੋ ਬਾਹਰ ਕੱਢਿਆ ਜਾਵੇ ਤਾ ਜੋ ਇਲਾਕੇ ਅੰਦਰ ਅਮਨ ਸ਼ਾਤੀ ਦਾ ਮਾਹੌਲ ਬਣਿਆ ਰਹੇ।ਨਿੱਤ ਦਿਨ ਹੋ ਰਹੀਆਂ ਚੋਰੀਆਂ ਤੋਂ ਅੱਕੇ ਹੋਏ ਇਲਾਕੇ ਦੇ ਲੋਕ ਮਜਬੂਰ ਹੋ ਕੇ ਪ੍ਰੈੱਸ ਨਾਲ ਵੱਡੀ ਮੀਟਿੰਗ ਕਰਕੇ ਅਗਲੇ ਸ਼ੰਘਰਸ ਦਾ ਐਲਾਨ ਜਲਦੀ ਹੀ ਕਰਨ ਵਾਲੇ ਹਨ। ਫੋਟੋ ਕੈਪਸ਼ਨ:- ਪ੍ਰੈਸ ਨਾਲ ਗੱਲਬਾਤ ਦੌਰਾਨ ਆੜਤੀਆ ਨਿਰਮਲ ਸਿੰਘ ਮੱਲੀ।
