ਲੁਟੇਰਿਆਂ ਨੇ ਨੌਜਵਾਨਾਂ ਦੇ ਗਲ ’ਚੋਂ ਚਾਂਦੀ ਦੀ ਚੈਨੀ ਝਪਟੀ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਦੇਰ ਸ਼ਾਮ ਪੱਤੀ ਸਾਹਲਾ ਨਗਰ ਵਿਖੇ ਲੁਟੇਰਿਆਂ ਨੇ ਦਾਤਰ ਦੀ ਨੌਕ ਇੱਕ ਨੌਜਵਾਨ ਦੇ ਗੱਲ ’ਚੋਂ ਚਾਂਦੀ ਦੀ ਚੈਨੀ ਝਪਟ ਲਈ। ਇਸ ਲੁੱਟ ਦੀ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਨਰਿੰਦਰ ਸਿੰਘ ਵਾਸੀ ਪੱਤੀ ਸਾਹਲਾ ਨਗਰ (ਮਲਸੀਆਂ) ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਨਵਜੋਤ ਸਿੰਘ ਆਪਣੇ ਇੱਕ ਦੋਸਤ ਨਾਲ ਸ਼ਾਮ ਕਰੀਬ 7.20 ਵਜੇ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕ ਕੇ ਸਿਬੀਆ ਪੈਲੇਸ ਰੋਡ ’ਤੇ ਘਰ ਵਾਪਸ ਆ ਰਿਹਾ ਸੀ ਕਿ ਇਸ ਦੌਰਾਨ ਉਥੇ ਮੋਟਰਸਾਈਕਲ ਸਵਾਰ 3 ਨੌਜਵਾਨ ਆਏ, ਜਿੰਨ੍ਹਾਂ ਨੇ ਆਉਂਦਿਆਂ ਦਾਤਰ ਕੱਢ ਲਿਆ ਤੇ ਨਵਜੋਤ ਦੇ ਗਲ ’ਚ ਪਾਈ ਕਰੀਬ 9 ਤੋਲੇ ਚਾਂਦੀ ਦੀ ਚੈਨੀ ਖੋਹ ਕੇ ਫਰਾਰ ਹੋ ਗਏ। ਉਥੇ ਨੇੜੇ ਹੀ ਪੁਲਿਸ ਤੇ ਹੋਰ ਅਧਿਕਾਰੀ ਵੀ ਮੌਜੂਦ ਸਨ, ਜਿਸ ਦੇ ਬਾਵਜੂਦ ਲੁਟੇਰਿਆਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦੇ ਦਿੱਤਾ।
