ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ 2 ਗ੍ਰਿਫਤਾਰ

ਭਵਾਨੀਗੜ੍ਹ (ਵਿਜੈ ਗਰਗ) ਜਿਲ੍ਹਾ ਪੁਲੀਸ ਮੁਖੀ ਸਰਤਾਜ ਸਿੰਘ ਚਹਿਲ ਦੀਆਂ ਹਦਾਇਤਾਂ ਅਨੁਸਾਰ ਗੈਰ ਕਾਨੂੰਨੀ ਅਨਸਰਾਂ ਖਿਲਾਫ਼ ਮੁਹਿੰਮ ਤਹਿਤ ਇੱਥੋਂ ਦੀ ਪੁਲੀਸ ਵੱਲੋਂ ਪਿਛਲੇ ਦਿਨਾਂ ਵਿੱਚ ਸ਼ਹਿਰ ਅੰਦਰ ਲੁੱਟ ਖੋਹ ਦੀਆਂ ਵਾਰਦਾਤਾਂ ਕਰਨ ਵਾਲੇ 2 ਜਣਿਆਂ ਨੂੰ ਕਾਬੂ ਕੀਤਾ ਗਿਆ।ਇਸ ਸਬੰਧੀ ਅੱਜ ਪ੍ਰੈਸ ਕਾਨਫਰੰਸ ਦੌਰਾਨ ਗੁਰਦੀਪ ਸਿੰਘ ਡੀਐਸਪੀ ਭਵਾਨੀਗੜ੍ਹ ਨੇ ਦੱਸਿਆ ਕਿ ਸ਼ਹਿਰ ਵਿੱਚ ਦੋ ਮੋਟਰਸਾਇਕਲ ਸਵਾਰਾਂ ਨੇ ਹਰਪ੍ਰੀਤ ਕੌਰ ਵਾਸੀ ਕਰਨਪੁਰ ਦਾ ਬੈਗ ਝਪਟ ਮਾਰ ਕੇ ਖੋਹ ਲਿਆ, ਜਿਸ ਵਿੱਚ ਤਿੰਨ ਹਜ਼ਾਰ ਰੁਪਏ ਅਤੇ ਮੋਬਾਈਲ ਸੀ। ਇਸੇ ਤਰ੍ਹਾਂ ਮਮਤਾ ਦੇਵੀ ਵਾਸੀ ਅਜੀਤ ਨਗਰ ਪਾਸੋਂ ਝਪਟ ਮਾਰ ਕੇ ਸੋਨੇ ਦੇ ਟੌਪਸ ਖੋਹੇ ਗਏ। ਪੁਲੀਸ ਵੱਲੋਂ ਉਕਤ ਵਾਰਦਾਤਾਂ ਸਬੰਧੀ ਪਰਚਾ ਦਰਜ ਕਰਨ ਉਪਰੰਤ ਸੀਸੀਟੀਵੀ ਦੀ ਫੁਟੇਜ ਆਦਿ ਪੜਤਾਲ ਸ਼ੁਰੂ ਕੀਤੀ ਗਈ। ਇਸੇ ਦੌਰਾਨ ਥਾਣਾ ਮੁਖੀ ਗੁਰਨਾਮ ਸਿੰਘ ਦੀ ਨਿਗਰਾਨੀ ਹੇਠ ਪੁਲੀਸ ਟੀਮ ਵੱਲੋਂ ਉਕਤ ਮੁਕੱਦਮੇ ਦੇ ਕਥਿੱਤ ਦੋਸ਼ੀ ਗਗਨਦੀਪ ਸਿੰਘ ਉਰਫ਼ ਗਗਨ ਵਾਸੀ ਫੱਗੂਵਾਲਾ ਕੈਂਚੀਆਂ ਅਤੇ ਰਵਿੰਦਰਜੀਤ ਸਿੰਘ ਉਰਫ ਮੁੰਦਰੀ ਵਾਸੀ ਖਨਾਲ ਕਲਾਂ ਨੂੰ ਗ੍ਰਿਫਤਾਰ ਕਰਕੇ ਇਨਾਂ ਪਾਸੋਂ ਚੋਰੀ ਕੀਤਾ ਮੋਟਰਸਾਈਕਲ ਅਤੇ ਲੁੱਟਾਂ ਖੋਹਾਂ ਦਾ ਸਮਾਨ ਸੋਨੇ ਦਾ ਲੌਕਟ, ਟੌਪਸ ਅਤੇ ਦੋ ਮੋਬਾਈਲ ਬਰਾਮਦ ਕੀਤੇ ਗਏ।
