ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਟਰੈਫਿਕ ਪੁਲਿਸ ਨੇ ਜਨਤਕ ਥਾਵਾਂ ਦੀ ਕੀਤੀ ਚੈਕਿੰਗ

ਬਰਨਾਲਾ (ਹਰਮਨ) ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਟਰੈਫਿਕ ਇੰਚਾਰਜ ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ ਦੀ ਅਗਵਾਈ ਹੇਠ ਟਰੈਫਿਕ ਪੁਲਿਸ ਬਰਨਾਲਾ ਟੀਮ ਵੱਲੋਂ ਜਨਤਕ ਥਾਵਾਂ ਜਿਵੇਂ ਕਿ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਆਦਿ ਦੀ ਚੈਕਿੰਗ ਕੀਤੀ ਗਈ । ਇਸ ਸਬੰਧੀ ਜਿਆਦਾ ਜਾਣਕਾਰੀ ਦਿੰਦਿਆਂ ਇੰਸਪੈਕਟਰ ਜਸਵਿੰਦਰ ਸਿੰਘ ਢੀਡਸਾ ਨੇ ਦੱਸਿਆ ਕਿ ਸਮੂਹ ਜਨਤਕ ਥਾਵਾਂ ਦੀ ਚੈਕਿੰਗ ਕਰਨ ਦੇ ਨਾਲ ਨਾਲ ਉੱਥੇ ਪਾਰਕਿੰਗ ਵਿੱਚ ਖੜੇ ਵਹੀਕਲਾਂ ਦੀ ਵੀ ਪੜ੍ਹਤਾਲ ਕੀਤੀ ਗਈ ਤਾਂ ਜ਼ੋ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਿਆ ਜਾ ਸਕੇ । ਇਸ ਦੇ ਨਾਲ ਹੀ ਉਨਾਂ ਨੇ ਸੰਗਰੂਰ ਬਰਨਾਲਾ ਮੇਨ ਹਾਈਵੇ ਉੱਪਰ ਵੀ ਵੱਖ-ਵੱਖ ਥਾਂ ਤੇ ਨਾਕੇ ਲਗਾ ਕੇ ਸ਼ੱਕੀ ਵਾਹਨਾਂ ਦੀ ਪੜਤਾਲ ਕਰਨ ਦੇ ਨਾਲ ਨਾਲ ਆਵਾਜਾਈ ਨਿਯਮਾਂ ਦੀ ਉਲੰਘਣਾ ਦੇ ਤਹਿਤ 20 ਚਲਾਣ ਕੀਤੇ । ਇੰਸਪੈਕਟਰ ਜਸਵਿੰਦਰ ਸਿੰਘ ਢੀਂਡਸਾ ਨੇ ਦੱਸਿਆ ਕਿ ਬਰਨਾਲਾ ਸ਼ਹਿਰ ਦੇ ਸਮੂਹ ਬਾਜ਼ਾਰਾਂ ਵਿੱਚ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਲਾਉਣ ਲਈ ਟਰੈਫਿਕ ਪੁਲਸ ਮੁਲਾਜ਼ਮਾਂ ਦੀ ਤੈਨਾਤੀ ਕਰ ਦਿੱਤੀ ਗਈ ਹੈ ਅਤੇ ਦੁਕਾਨਦਾਰਾਂ ਨੂੰ ਵੀ ਆਪਣਾ ਸਮਾਨ ਸੜਕ ਉੱਪਰ ਰੱਖਣ ਤੋਂ ਰੋਕਣ ਸਬੰਧੀ ਜਾਗਰੂਕ ਕਰਨ ਦੇ ਨਾਲ ਨਾਲ ਵੱਖ-ਵੱਖ ਸਕੂਲਾਂ ਕਾਲਜਾਂ ਵਿੱਚ ਆਵਾਜਾਈ ਨਿਯਮਾਂ ਸੰਬੰਧੀ ਸੈਮੀਨਾਰ ਕਰਵਾ ਕੇ ਨੌਜਵਾਨਾਂ ਨੂੰ ਆਵਾਜਾਈ ਨਿਯਮਾਂ ਦਾ ਪਾਲਣ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ। ਉਹਨਾਂ ਸਮੂਹ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਬਾਜ਼ਾਰ ਵਿੱਚ ਕਿਤੇ ਵੀ ਟਰੈਫਿਕ ਜਾਮ ਹੋਣ ਤੇ ਤੁਰੰਤ ਟਰੈਫਿਕ ਪੁਲਿਸ ਬਰਨਾਲਾ ਨਾਲ ਰਾਬਤਾ ਕੀਤਾ ਜਾਵੇ ਤਾਂ ਜੋ ਆਵਾਜਾਈ ਨੂੰ ਸੁਚਾਰੂ ਰੂਪ ਨਾਲ ਚਲਾਇਆ ਜਾ ਸਕੇ ।
