ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਆਲੋਅਰਖ ਤੇ ਭੱਟੀਵਾਲ ਕਲਾਂ ‘ਚ ਰੱਖੀ ਪੰਚਾਇਤ ਭਵਨਾਂ ਦੀ ਨੀਂਹ

ਭਵਾਨੀਗੜ੍ਹ (ਵਿਜੈ ਗਰਗ) ਵਿਧਾਨ ਸਭਾ ਹਲਕਾ ਸੰਗਰੂਰ ਤੋਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਚੰਨੋ ਵਿਖੇ 30 ਲੱਖ ਰੁਪਏ ਦੀ ਲਾਗਤ ਨਾਲ ਤਿਆਰ ਕੀਤੀ ਗਈ ਆਧੁਨਿਕ ਲਾਇਬ੍ਰੇਰੀ ਦਾ ਉਦਘਾਟਨ ਕੀਤਾ। ਇਸਦੇ ਨਾਲ ਹੀ ਉਨ੍ਹਾਂ ਵੱਲੋਂ ਪਿੰਡ ਆਲੋਅਰਖ ਤੇ ਭੱਟੀਵਾਲ ਕਲਾਂ ‘ਚ 40-40 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਨਵੇਂ ਪੰਚਾਇਤ ਭਵਨਾਂ ਦੀ ਉਸਾਰੀ ਦੀ ਨੀਂਹ ਰੱਖੀ ਗਈ। ਇਸ ਮੌਕੇ ਬੋਲਦਿਆਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਨੂੰ ਮੁੜ ਤੋਂ ਰੰਗਲਾ ਪੰਜਾਬ ਬਣਾਉਣ ਲਈ ਦਿਨ-ਰਾਤ ਇੱਕ ਕਰਕੇ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸੇ ਤਹਿਤ ਹੀ ਲੋਕਾਂ ਦੀ ਮੰਗ ਅਨੁਸਾਰ ਪਿੰਡਾਂ ਅਤੇ ਸ਼ਹਿਰਾਂ ਵਿੱਚ ਮਿਆਰੀ ਵਿਕਾਸ ਕਾਰਜ ਪਾਰਦਰਸ਼ੀ ਢੰਗ ਨਾਲ ਨੇਪਰੇ ਚੜ੍ਹਾਉਣੇ ਯਕੀਨੀ ਬਣਾਏ ਜਾ ਰਹੇ ਹਨ। ਵਿਧਾਇਕ ਨੇ ਕਿਹਾ ਕਿ ਪੇਂਡੂ ਨੌਜਵਾਨਾਂ ਨੂੰ ਸਿੱਧੇ ਪਾਸੇ ਤੋਰਨ ਅਤੇ ਉਨ੍ਹਾਂ ਦੀ ਭਵਿੱਖ ਸੁਧਾਰਨ ਲਈ ਪਿੰਡ-ਪਿੰਡ ਆਧੁਨਿਕ ਲਾਇਬ੍ਰੇਰੀਆਂ ਤਿਆਰ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲਾਇਬ੍ਰੇਰੀਆਂ ਵਿੱਚ ਸਾਹਿਤਕ ਕਿਤਾਬਾਂ ਤੋਂ ਇਲਾਵਾ ਨੌਕਰੀਆਂ ਲਈ ਲਏ ਜਾਣ ਵਾਲੇ ਇਮਤਿਹਾਨਾਂ ਦੀ ਤਿਆਰੀ ਲਈ ਵੀ ਕਿਤਾਬਾਂ ਰੱਖੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਹੋਰਨਾਂ ਸੁਵਿਧਾਵਾਂ ਵਿੱਚ ਇੰਟਰਨੈਟ ਦੀ ਸੁਵਿਧਾ ਨਾਲ ਲੈਸ ਕੰਪਿਊਟਰ, ਸੀਸੀਟੀਵੀ ਕੈਮਰੇ ਅਤੇ ਬਿਜਲੀ ਦੀ ਪੂਰਤੀ ਲਈ ਸੋਲਰ ਪੈਨਲ ਵੀ ਲਗਵਾਏ ਗਏ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਲਾਇਬ੍ਰੇਰੀਆਂ ਵਾਂਗ ਮਾਨ ਸਰਕਾਰ ਵੱਲੋਂ ਕਰਵਾਇਆ ਜਾਣ ਵਾਲਾ ਹਰ ਕੰਮ ਮਿਆਰੀ ਅਤੇ ਉੱਚ ਕੋਟੀ ਦੀਆਂ ਸੁਵਿਧਾਵਾਂ ਨਾਲ ਲੈਸ ਹੋਵੇਗਾ। ਪਿੰਡ ਭੱਟੀਵਾਲ ਕਲਾਂ ਦੀ ਪੰਚਾਇਤ ਨੇ ਦੋਸ ਲਗਾਇਆ ਕਿ ਜਿੱਥੇ ਹਲਕਾ ਵਿਧਾਇਕ ਵੱਲੋਂ ਨੀਹ ਪੱਥਰ ਰੱਖਿਆ ਗਿਆ ਹੈ ਉੱਥੇ ਪਹਿਲਾਂ ਹੀ ਕੇਂਦਰ ਸਰਕਾਰ ਦੇ ਮਨਰੇਗਾ ਸਕੀਮ ਤਹਿਤ ਪਾਰਕ ਦਾ ਕੰਮ ਚੱਲ ਰਿਹਾ ਹੈ ਜਿਸ ਉੱਤੇ ਪੰਚਾਇਤ ਨੇ ਹੁਣ ਤੱਕ 4 ਲੱਖ ਰੁਪਏ ਖਰਚ ਕੀਤੇ ਹਨ। ਸਰਕਾਰ ਦੀ ਸਹਿ ਤ ਪੁਲਿਸ ਵੱਲੋਂ ਸਰਪੰਚ ਨੂੰ ਘਰ ਵਿੱਚ ਨਜ਼ਰਬੰਦ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਟਰੱਕ ਯੂਨੀਅਨ ਦੇ ਪ੍ਰਧਾਨ ਪ੍ਰਗਟ ਸਿੰਘ ਢਿੱਲੋਂ, ਡਾਕਟਰ ਗੁਰਧਿਆਨ ਸਿੰਘ ਰਟੋਲ, ਪੁਸਪਿੰਦਰ ਸਿੰਘ ਕਾਲਾ, ਗਗਨ ਰਟੋਲ, ਪ੍ਰਿੰਸ ਰਟੋਲ, ਭੁਪਿੰਦਰ ਸਿੰਘ ਕਾਕੜਾ, ਅਮਰੀਕ ਸਿੰਘ ਮੀਕਾ, ਗੁਰਪ੍ਰੀਤ ਸਿੰਘ ਆਲੋਅਰਖ ਆਦਿ ਆਪ ਆਗੂ ਵੀ ਹਾਜ਼ਰ ਸਨ।
