ਵਿਸ਼ਨੂੰ ਨੇ ਲਗਾਤਾਰ ਦੂਜੀ ਵਾਰ ਓਲੰਪਿਕ ’ਚ ਬਣਾਈ ਥਾਂ ਆਈਐੱਲਸੀਏ-7 ਵਿਸ਼ਵ ਚੈਂਪੀਅਨਸ਼ਿਪ ’ਚ ਪੈਰਿਸ ਓਲੰਪਿਕ ਲਈ ਕੀਤਾ ਕੁਆਲੀਫਾਈ

ਐਡੀਲੇਡ (ਪੀਟੀਆਈ) : ਏਸ਼ਿਆਈ ਖੇਡਾਂ ਦੇ ਕਾਂਸੀ ਤਗਮਾ ਜੇਤੂ ਵਿਸ਼ਨੂੰ ਸਰਵਨਨ ਲਗਾਤਾਰ ਦੋ ਓਲੰਪਿਕ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਭਾਰਤੀ ਸੇਲਰ (ਪਾਲ ਬੇੜੀ ਚਲਾਉਣ ਵਾਲਾ ਖਿਡਾਰੀ) ਬਣ ਗਿਆ ਹੈ। ਵਿਸ਼ਨੂੰ ਨੇ ਬੁੱਧਵਾਰ ਨੂੰ ਵਿਸ਼ਵ ਚੈਂਪੀਅਨਸ਼ਿਪ ਦੇ ਰਾਹੀਂ ਪੈਰਿਸ ਓਲੰਪਿਕ ਦਾ ਟਿਕਟ ਕਟਵਾਇਆ। ਮੁੰਬਈ ਸਥਿਤ ਸੈਨਾ ਨੌਕਾਇਨ ਨੋਡ ’ਚ ਸੂਬੇਦਾਰ 24 ਸਾਲਾ ਸਰਵਨਨ ਨੇ ਇਥੇ ਆਈਐੱਲਸੀਏ-7 ਵਿਸ਼ਵ ਚੈਂਪੀਅਨਸ਼ਿਪ ’ਚ 152 ਮੁਕਾਬਲੇਬਾਜ਼ਾਂ ਵਿਚਾਲੇ 26ਵੇਂ ਸਥਾਨ ’ਤੇ ਰਹਿੰਦੇ ਹੋਏ ਪੈਰਿਸ ਲਈ ਕੁਆਲੀਫਾਈ ਕੀਤਾ। ਇਹ ਪੈਰਿਸ 2024 ਖੇਡਾਂ ਲਈ ਕੁਆਲੀਫਾਈ ਕਰਨ ਵਾਲਾ ਪਹਿਲਾ ਭਾਰਤੀ ਪਾਲ ਬੇੜੀ ਚਲਾਉਣ ਵਾਲਾ ਖਿਡਾਰੀ ਹੈ। ਸਰਵਨਨ ਏਸ਼ਿਆਈ ਦੇਸ਼ਾਂ ਦੇ ਖਿਡਾਰੀਆਂ ਵਿਚਾਲੇ ਸਿਖਰਲੇ ਸਥਾਨ ’ਤੇ ਰਿਹਾ। ਉਸਨੇ ਏਸ਼ਿਆਈ ਖੇਡਾਂ ’ਚ ਗੋਲਡ ਮੈਡਲ ਜੇਤੂ ਸਿੰਗਾਪੁਰ ਦੇ ਖਿਡਾਰੀ ਨੂੰ ਪਛਾੜਿਆ। ਸਰਵਨਨ ਦਾ ਕੁੱਲ ਸਕੋਰ 174 ਰਿਹਾ। ਮਾਪਦੰਡ ਨਿਯਮਾਂ ਦੇ ਅਨੁਸਾਰ ਇਸ ਵਿਚੋਂ 49 ਦੇ ਉਸਦੇ ਘੱਟੋ ਘੱਟ ਸਕੋਰ ਨੂੰ ਹਟਾ ਦਿੱਤਾ ਗਿਆ, ਜਿਸ ਨਾਲ ਉਸਦਾ ਨੈੱਟ ਸਕੋਰ 125 ਰਿਹਾ। ਵਿਸ਼ਨੂੰ 2019 ਅੰਡਰ-21 ਵਿਸ਼ਵ ਚੈਂਪੀਅਨਸ਼ਿਪ ਦਾ ਕਾਂਸੀ ਤਗਮਾ ਜੇਤੂ ਹੈ।
