ਵੋਟਰ ਜਾਗਰੂਕਤਾ ਮੁਹਿੰਮ ਤਹਿਤ ਨਵੇਂ ਵੋਟਰਾਂ ਲਈ ‘ਵਿਰਾਸਤੀ ਵਾਕ’ ਦਾ ਆਯੋਜਨ

ਨਕੋਦਰ, ਜਿਲ੍ਹਾ ਪ੍ਰਸ਼ਾਸਨ ਜਲੰਧਰ ਵਲੋਂ ਚਲਾਈ ਜਾ ਰਹੀ ਵੋਟਰ ਜਾਗਰੂਕਤਾ ਮੁਹਿੰਮ ਤਹਿਤ ਕੇ.ਆਰ.ਐਮ. ਡੀ.ਏ.ਵੀ. ਕਾਲਜ, ਨਕੋਦਰ ਦੇ ਪ੍ਰਿੰਸੀਪਲ ਡਾ. ਅਨੂਪ ਕੁਮਾਰ ਦੀ ਅਗਵਾਈ ਅਧੀਨ ਸਵੀਪ ਗਤੀਵਿਧੀਆਂ ਦੌਰਾਨ ਐਨ.ਐਸ.ਐਸ. ਅਤੇ ਐਨ.ਸੀ.ਸੀ. ਵਿਭਾਗਾਂ ਦੇ ਸਹਿਯੋਗ ਨਾਲ ਨਵੇਂ ਵੋਟਰਾਂ ਨੂੰ ਉਤਸ਼ਾਹਿਤ ਕਰਨ ਲਈ ਵਿਰਾਸਤੀ ਵਾਕ ਦਾ ਆਯੋਜਨ ਕੀਤਾ ਗਿਆ। ਪਹਿਲੇ ਦਿਨ ਐਨ.ਐਸ.ਐਸ. ਵਲੰਟੀਅਰਾਂ ਅਤੇ ਐਨ.ਸੀ.ਸੀ. ਕੈਡਿਟਾਂ (21 ਪੰਜਾਬ ਬਟਾਲੀਅਨ ਕਪੂਰਥਲਾ ਅਤੇ 2 ਪੰਜਾਬ ਬਟਾਲੀਅਨ ਜਲੰਧਰ) ਨੇ ਫਿਲੌਰ ਵਿਖੇ ਮਹਾਰਾਜਾ ਰਣਜੀਤ ਸਿੰਘ ਕਿਲ੍ਹਾ ਅਤੇ ਨੂਰਮਹਿਲ ਸਰਾਂ ਵਿਖੇ ਇਤਿਹਾਸਕ ਮਹੱਤਤਾ ਦਰਸਾਈ ਅਤੇ ਨਵੇਂ ਵੋਟਰਾਂ ਨੂੰ ਆਪਣੀ ਵਿਰਾਸਤ ਨਾਲ ਜੋੜਦੇ ਹੋਏ ਵੋਟਾਂ ਪਾਉਣ ਲਈ ਸਹੁੰ ਵੀ ਚੁੱਕੀ। ਦੂਸਰੇ ਦਿਨ ਨੂਰਮਹਿਲ ਸਰਾਂ, ਨਕੋਦਰ ਦੀ ਦੱਖਣੀ ਸਰਾਂ ਅਤੇ ਜਹਾਂਗੀਰ ਕਿਲ੍ਹੇ ਦੇ ਇਤਿਹਾਸ ਬਾਰੇ ਦੱਸਿਆ ਗਿਆ। ਉਨ੍ਹਾਂ ਨੇ ‘ਵੋਟ ਜਲੰਧਰ’ ਮਨੁੱਖੀ ਚੇਨ ਬਣਾਈ। ਨਕੋਦਰ ਦੇ ਐਸ.ਡੀ.ਐਮ. ਗੁਰਸਿਮਰਨ ਸਿੰਘ ਢਿੱਲੋਂ ਨੇ ਬਿਨਾਂ ਡਰ ਤੋਂ ਵੋਟ ਪਾਉਣ ਲਈ ਨਵੇਂ ਵੋਟਰਾਂ ਨੂੰ ਅਪੀਲ ਕੀਤੀ। ਇਸ ਦੌਰਾਨ ਹਸਤਾਖ਼ਰ ਮੁਹਿੰਮ ਵੀ ਚਲਾਈ ਗਈ। ਐਨ.ਐਸ.ਐਸ. ਪ੍ਰੋਗਰਾਮ ਅਫ਼ਸਰ ਪ੍ਰੋ. (ਡਾ.) ਕਮਲਜੀਤ ਸਿੰਘ, ਪ੍ਰੋ. ਸੀਮਾ ਕੌਸ਼ਲ, ਐਨ.ਸੀ.ਸੀ. ਇੰਚਾਰਜ (ਲੈਫ.) ਪ੍ਰੋ. ਕਰਮਜੀਤ ਸਿੰਘ, ਪ੍ਰੋ. (ਡਾ.) ਨੇਹਾ ਵਰਮਾ, ਪ੍ਰੋ. ਕੁਲਪ੍ਰੀਤ ਸਿੰਘ ਨੇ ਇਸ ਗਤੀਵਿਧੀ ਵਿਚ ਵਿਸ਼ੇਸ਼ ਯੋਗਦਾਨ ਪਾਇਆ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ‘ਮੇਰੀ ਵੋਟ ਮੇਰੀ ਆਵਾਜ਼’ ਤਹਿਤ ਵੋਟ ਪਾਉਣ ਲਈ ਪ੍ਰੇਰਿਆ। ਵਿਦਿਆਰਥੀਆਂ ਨੇ ਵੋਟ ਦੇ ਅਧਿਕਾਰ ਦੀ ਮਹੱਤਤਾ ਨੂੰ ਸਿਖਦਿਆਂ ਹੋਇਆ ਵੋਟ ਜ਼ਰੂਰ ਪਾਉਣ ਬਾਰੇ ਕਿਹਾ ਅਤੇ ਹੋਰਾਂ ਨੂੰ ਵੀ ਵੋਟ ਦੀ ਮਹੱਤਤਾ ਦਰਸਾਈ।
