ਸਤਲੁਜ ਦਰਿਆ ਵਿੱਚ ਪਾਣੀ ਛੱਡਣ ਦੀਆਂ ਗੱਲਾਂ ਕਰਨ ਵਾਲੀ ਪੰਜਾਬ ਸਰਕਾਰ ਦੀਆਂ ਆਪਣੀਆਂ ਨਹਿਰਾਂ ਪਾਣੀ ਨੂੰ ਤਰਸੀਆਂ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਨੂਰਮਹਿਲ ਖੇਤੀਬਾੜੀ ਨੂੰ ਨਹਿਰੀ ਪਾਣੀ ਨਾਲ ਕਰਨ ਦੀਆਂ ਗੱਲਾਂ ਕਰਦੀ ਪੰਜਾਬ ਸਰਕਾਰ ਦੇ ਦਾਅਵੇ ਖੋਖਲੇ ਸਾਬਤ ਹੋਏ ਹਨ। ਪੰਜਾਬ ਸਰਕਾਰ ਦੀਆਂ ਨਹਿਰਾਂ ਅਤੇ ਸੂਏ ਅੱਜ ਤੱਕ ਸੁੱਕੇ ਪਏ ਹਨ। ਜਦੋਂ ਕਿ ਪਿਛਲੇ ਕਰੀਬ ਇੱਕ ਮਹੀਨੇ ਤੋਂ ਲਗਾਤਾਰ ਮੋਟਰਾਂ ਚੱਲ ਰਹੀਆਂ ਹਨ। ਜਿੱਥੇ ਖੇਤਾਂ ਦੀ ਰੌਣੀ ਕਰਨ ਲਈ ਵਡਮੁੱਲਾ ਸਰਮਾਇਆ ਪਾਣੀਂ ਲਗਾਤਾਰ ਧਰਤੀ ਵਿੱਚੋਂ ਨਿਕਲ ਰਿਹਾ ਹੈ ਉੱਥੇ ਹੀ ਮਹਿੰਗੇ ਭਾਅ ਦੀ ਬਿਜਲੀ ਵੀ ਲਗਾਤਾਰ ਫੂਕੀ ਜਾ ਰਹੀ ਹੈ।ਜਿੱਥੇ ਵੱਖ-ਵੱਖ ਕਿਸਾਨ ਆਗੂਆਂ ਨੇ ਸਰਕਾਰ ਅਤੇ ਨਹਿਰੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਪੁਰਜੋਰ ਮੰਗ ਕੀਤੀ ਹੈ ਕਿ ਨਹਿਰਾਂ ਵਿੱਚ ਪਾਣੀ ਤੁਰੰਤ ਛੱਡਿਆ ਜਾਵੇ। ਉੱਥੇ ਹੀ ਅਜੇ ਤੱਕ ਬਹੁਤੀਆਂ ਛੋਟੀਆਂ ਨਹਿਰਾਂ ਦੀ ਸਫਾਈ ਕੀਤੀ ਜਾਣੀ ਵੀ ਬਾਕੀ ਹੈ। ਬਿਜਲੀ ਦੀ ਸਪਲਾਈ ਘੱਟ ਹੋਣ ਕਾਰਨ ਅਜੇ ਤੱਕ ਖੇਤਾਂ ਦੀ ਰੌਣੀ ਵੀ ਨਹੀਂ ਹੋ ਸਕੀ ਹੈ। ਜੇਕਰ ਨਹਿਰੀ ਪਾਣੀ ਨੂੰ ਅੱਜ ਤੋਂ ਪੰਦਰਾਂ ਦਿਨ ਪਹਿਲਾਂ ਛੱਡ ਦਿੱਤਾ ਜਾਂਦਾ ਤਾਂ ਬਿਜਲੀ ਦੇ ਨਾਲ ਨਾਲ ਧਰਤੀ ਹੇਠਲੇ ਪਾਣੀ ਨੂੰ ਵੀ ਬਚਾਇਆ ਜਾ ਸਕਦਾ ਸੀ ਅਤੇ ਕਿਸਾਨਾਂ ਦੀਆਂ ਖੱਜਲ ਖ਼ੁਆਰੀਆਂ ਵੀ ਘੱਟ ਜਾਣੀਆਂ ਸਨ। ਝੋਨੇ ਦੀ ਫਸਲ ਬੀਜਣ ਵਾਸਤੇ ਇਸ ਵਕਤ ਖੇਤਾਂ ਦੀ ਰੌਣੀ ਕਰਨੀ ਜਰੂਰੀ ਹੈ ਤਾਂ ਜੋ ਖੇਤ ਤਿਆਰ ਕੀਤੇ ਜਾ ਸਕਣ ਅਤੇ ਸਮੇਂ ਸਿਰ ਝੋਨੇ ਦੀ ਬਿਜਾਈ ਹੋ ਸਕੇ। ਪਰ ਕਿਸਾਨਾਂ ਵੱਲੋਂ ਵਾਰ-ਵਾਰ ਅਪੀਲ ਕਰਨ ਉਪਰੰਤ ਵੀ ਨਹਿਰੀ ਵਿਭਾਗ ਦੇ ਅਧਿਕਾਰੀ ਨਹਿਰਾਂ ਵਿੱਚ ਪਾਣੀ ਨਹੀਂ ਛੱਡ ਰਹੇ ਹਨ। ਅਤੇ ਜਾਣਬੁੱਝ ਕੇ ਪੰਜਾਬ ਦੀ ਧਰਤੀ ਨੂੰ ਬੰਜ਼ਰ ਬਨਾਉਣ ਵਿੱਚ ਲੱਗੇ ਹੋਏ ਹਨ। ਦੂਜੇ ਪਾਸੇ ਜੇਕਰ ਗੱਲ ਨਹਿਰੀ ਵਿਭਾਗ ਦੇ ਕੁੱਝ ਅਧਿਕਾਰੀਆਂ ਦੀ ਕਰੀਏ ਤਾਂ ਓਹ ਵੀ ਨਹਿਰੀ ਵਿਭਾਗ ਦੀਆਂ ਜੜ੍ਹਾਂ ਵੱਢਣ ਲੱਗੇ ਹੋਏ ਹਨ। ਇੱਕ ਸਾਲ ਪਹਿਲਾਂ ਭੇਜੇ ਗਏ ਪ੍ਰੋਜੈਕਟਾਂ ਦੀਆਂ ਫਾਈਲਾਂ ਧੂੜ ਚੱਟ ਰਹੀਆਂ ਹਨ।ਕੰਮ ਅੱਧ ਵਿਚਕਾਰ ਹੀ ਲਟਕ ਰਹੇ ਹਨ ਕਿਸਾਨ ਨਹਿਰੀ ਖਾਲਾਂ ਦੀ ਉਡੀਕ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਸੌ ਪ੍ਰਤੀਸ਼ਤ ਨਹਿਰੀ ਪਾਣੀ ਦੇਣ ਦੀਆਂ ਗੱਲਾਂ ਕਾਗਜ਼ਾਂ ਵਿੱਚ ਕਰ ਰਹੀ ਹੈ।
