ਸਮਾਜ ਸੇਵਾ ਅਤੇ ਜਾਗਰੂਕਤਾ ਲਈ ਯਤਨਸ਼ੀਲ ਹੈ ਲਾਇਨਜ਼ ਕਲੱਬ – ਮਾਰਕੰਡਾ

ਫਗਵਾੜਾ (ਸ਼ਿਵ ਕੋੜਾ) ਇਲੈਵਨ ਸਟਾਰ ਹੰਡਰੇਡ ਪਰਸੈਂਟ ਐਕਟਿਵ ਲਾਇਨਜ਼ ਕਲੱਬ ਫਗਵਾੜਾ ਸਿਟੀ ਦੇ ਅਹੁਦੇਦਾਰਾਂ ਦੀ ਮੀਟਿੰਗ ਕਲੱਬ ਪ੍ਰਧਾਨ ਲਾਇਨ ਆਸ਼ੂ ਮਾਰਕੰਡਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਕਲੱਬ ਦੇ ਸਕੱਤਰ ਸੰਜੀਵ ਲਾਂਬਾ ਅਤੇ ਖਜ਼ਾਨਚੀ ਜੁਗਲ ਬਵੇਜਾ ਤੋਂ ਇਲਾਵਾ ਪੀ.ਆਰ. ਸੁਮਿਤ ਭੰਡਾਰੀ ਸ਼ਾਮਲ ਹੋਏ। ਮੀਟਿੰਗ ਦੌਰਾਨ ਕਲੱਬ ਵੱਲੋਂ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਸਮਾਜ ਸੇਵੀ ਪ੍ਰੋਜੈਕਟਾਂ ਬਾਰੇ ਗੰਭੀਰ ਵਿਚਾਰ ਵਟਾਂਦਰਾ ਕੀਤਾ ਗਿਆ। ਲਾਇਨ ਆਸ਼ੂ ਮਾਰਕੰਡਾ ਨੇ ਮੀਟਿੰਗ ਤੋਂ ਬਾਅਦ ਗੱਲਬਾਤ ਦੌਰਾਨ ਦੱਸਿਆ ਕਿ ਇਸ ਮਹੀਨੇ ਲੋੜਵੰਦ ਔਰਤਾਂ ਨੂੰ ਮਹੀਨਾਵਾਰ ਪੈਨਸ਼ਨ ਅਤੇ ਆਟੇ ਦੀਆਂ ਥੈਲੀਆਂ ਵੰਡਣ ਤੋਂ ਇਲਾਵਾ ਖੂਨਦਾਨ ਕੈਂਪ ਅਤੇ ਬਲੱਡ ਸ਼ੂਗਰ ਟੈਸਟ ਕੈਂਪ ਲਗਾਉਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਜਿਸ ਸਬੰਧੀ ਅੰਤਿਮ ਫੈਸਲਾ ਆਉਣ ਵਾਲੇ ਦਿਨਾਂ ਵਿੱਚ ਸਮੂਹ ਕਲੱਬ ਮੈਂਬਰਾਂ ਨਾਲ ਵਿਸਥਾਰ ਪੂਰਵਕ ਵਿਚਾਰ ਵਟਾਂਦਰਾ ਕਰਕੇ ਲਿਆ ਜਾਵੇਗਾ। ਕਲੱਬ ਦੇ ਸਕੱਤਰ ਲਾਇਨ ਸੰਜੀਵ ਲਾਂਬਾ ਅਤੇ ਖਜ਼ਾਨਚੀ ਲਾਇਨ ਜੁਗਲ ਬਵੇਜਾ ਨੇ ਦੱਸਿਆ ਕਿ ਕਲੱਬ ਵੱਲੋਂ ਜਲਦੀ ਹੀ ਲੋਕਾਂ ਨੂੰ ਟਰੈਫਿਕ ਨਿਯਮਾਂ ਸਬੰਧੀ ਜਾਗਰੂਕ ਕਰਨ, ਵਾਤਾਵਰਨ ਦੀ ਸੰਭਾਲ, ਪਾਣੀ ਦੀ ਸੰਭਾਲ, ਸਿਹਤ ਸੁਰੱਖਿਆ ਆਦਿ ਪ੍ਰਤੀ ਜਾਗਰੁਕ ਕੀਤਾ ਜਾਵੇਗਾ। ਕਲੱਬ ਦੇ ਅਹੁਦੇਦਾਰਾਂ ਨੇ ਕਿਹਾ ਕਿ ਲੋੜਵੰਦਾਂ ਦੀ ਸੇਵਾ ਅਤੇ ਸਹਾਇਤਾ ਕਰਨ ਦੇ ਨਾਲ ਹੀ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਨਾ ਵੀ ਕਲੱਬ ਦੀ ਪ੍ਰਾਥਮਿਕਤਾ ਹੈ।
