ਸਰਕਾਰੀ ਪਾਣੀ ਵਾਲੀ ਮੋਟਰ ਦੇ ਟਰਾਂਸਫਾਰਮਰ ਵਿਚੋਂ ਸਮਾਨ ਚੋਰੀ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਸ਼ਾਹਕੋਟ ਦੇ ਨਜ਼ਦੀਕੀ ਪਿੰਡ ਕੰਨੀਆਂ ਕਲਾਂ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਲੋਂ ਬਣਾਈ ਪਾਣੀ ਵਾਲੀ ਟੈਂਕੀ ਦੀ ਮੋਟਰ ’ਤੇ ਲੱਗੇ ਟਰਾਂਸਫਾਰਮਰ ’ਚੋਂ ਬੀਤੀ ਰਾਤ ਚੋਰਾਂ ਨੇ ਤਾਬਾਂ, ਤੇਲ ਤੇ ਹੋਰ ਸਮਾਨ ਚੋਰੀ ਕਰ ਲਿਆ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਕੰਨੀਆਂ ਕਲਾਂ ਵਿਖੇ ਮੋਟਰ ਤੋਂ 2 ਪਿੰਡਾਂ ਕੰਨੀਆਂ ਕਲਾਂ ਅਤੇ ਕੰਨੀਆਂ ਖੁਰਦ ਨੂੰ ਪਾਣੀ ਦੀ ਸਪਲਾਈ ਜਾਂਦੀ ਹੈ। ਪੰਪ ਓਪ੍ਰੇਟਰ ਗੁਰਜੀਤ ਸਿੰਘ ਸਵੇਰੇ ਕਰੀਬ 4 ਵਜੇ ਮੋਟਰ ਚਲਾਉਣ ਗਿਆ ਤਾਂ ਮੋਟਰ ਨਾ ਚੱਲੀ। ਜਦੋਂ ਉਸਨੇ ਦੇਖਿਆ ਤਾਂ ਟਰਾਂਸਫਾਰਮਰ ਦਾ ਸਮਾਨ ਹੇਠਾਂ ਖਿਲਾਰਿਆ ਪਿਆ ਸੀ ਤੇ ਉਸਦਾ ਕਾਫ਼ੀ ਸਮਾਨ ਚੋਰੀ ਹੋ ਚੁੱਕਾ ਸੀ। ਜਿਸ ਸਬੰਧੀ ਪੰਪ ਓਪ੍ਰੇਟਰ ਵਲੋਂ ਵਿਭਾਗ ਦੇ ਜੇ.ਈ. ਤਰਨਦੀਪ ਸਿੰਘ ਨੂੰ ਸੂਚਿਤ ਕੀਤਾ, ਜਿੰਨ੍ਹਾਂ ਮੌਕੇ ’ਤੇ ਪਹੁੰਚ ਕੇ ਸਥਿਤੀ ਦੇਖੀ। ਉਨ੍ਹਾਂ ਵਲੋਂ ਸਬੰਧਤ ਵਿਭਾਗ ਦੇ ਉੱਚ ਅਧਿਕਾਰੀਆਂ, ਪਾਵਰਕਾਮ ਅਤੇ ਪੁਲਿਸ ਦੇ ਧਿਆਨ ’ਚ ਚੋਰੀ ਦਾ ਮਾਮਲਾ ਲਿਆਂਦਾ ਗਿਆ। ਪਿੰਡ ਦੇ ਪਤਵੰਤੇ ਵੀ ਮੌਕੇ ’ਤੇ ਪੁਹੰਚੇ। ਦੇਰ ਸ਼ਾਮ ਤੱਕ ਉਥੇ ਨਵਾਂ ਟਰਾਂਸਫਾਰਮਰ ਲਗਵਾਉਣ ਦੀ ਪ੍ਰਕਿਰਿਆ ਚੱਲ ਰਹੀ ਸੀ।
