August 6, 2025
#Punjab

ਸਰਕਾਰੀ ਮਾਡਲ ਸਕੂਲ ਦਾਤੇਵਾਸ ਦੀ ਵਿਦਿਆਰਥਣ ਨਵਦੀਪ ਕੌਰ ਨੇ ਜਿੱਤਿਆ ਜ਼ਿਲ੍ਹਾ ਪੱਧਰੀ ਇੰਗਲਿਸ਼ ਡੈਕਲਾਮੇਸ਼ਨ ਮੁਕਾਬਲਾ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਪ੍ਰਿੰਸੀਪਲ ਅਰੁਣ ਕੁਮਾਰ ਗਰਗ ਦੀ ਯੋਗ ਅਗਵਾਈ ਅਧੀਨ ਚੱਲ ਰਹੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਦਾਤੇਵਾਸ (ਮਾਨਸਾ) ਦੀ ਵਿਦਿਆਰਥਣ ਨਵਦੀਪ ਕੌਰ ਸਪੁੱਤਰੀ ਨਾਇਬ ਸਿੰਘ ਨੇ ਰਾਜ ਵਿੱਦਿਅਕ ਖੋਜ਼ ਅਤੇ ਸਿਖਲਾਈ ਪ੍ਰੀਸ਼ਦ, ਪੰਜਾਬ ਵੱਲੋਂ ਕਰਵਾਏ ਗਏ ਜ਼ਿਲ੍ਹਾ ਪੱਧਰੀ ਇੰਗਲਿਸ਼ ਡੈਕਲਾਮੇਸ਼ਨ ਮੁਕਾਬਲੇ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ ਹੈ। ਇਸ ਮੌਕੇ ਜਾਣਕਾਰੀ ਦਿੰਦਿਆਂ ਸ੍ਰ. ਬਲਜਿੰਦਰ ਸਿੰਘ ਜੌੜਕੀਆਂ (ਡੀ.ਐਮ. ਅੰਗਰੇਜ਼ੀ) ਜ਼ਿਲ੍ਹਾ ਮਾਨਸਾ, ਨੇ ਦੱਸਿਆ ਕਿ ਸਕੂਲ ਸਿੱਖਿਆ ਵਿਭਾਗ ਵਿਦਿਆਰਥੀਆਂ ਦੇ ਗੁਣਾਤਮਕ ਵਿਕਾਸ ਲਈ ਯਤਨਸ਼ੀਲ ਹੈ। ਇਸ ਕਰਕੇ ਅੰਗਰੇਜ਼ੀ ਵਿਸ਼ੇ ਵਿੱਚ ਵਿਦਿਆਰਥੀਆਂ ਦੀ ਰੁਚੀ ਵਿੱਚ ਹੋਰ ਵਾਧਾ ਕਰਨ ਹਿੱਤ ਜਮਾਤ 9ਵੀਂ ਤੋਂ 12ਵੀਂ ਦਾ ਅੰਗਰੇਜ਼ੀ ਵਿਸ਼ੇ ਦਾ ਸਕੂਲ, ਬਲਾਕ ਅਤੇ ਜ਼ਿਲ੍ਹਾ ਪੱਧਰੀ ਇੰਗਲਿਸ਼ ਡੈਕਲਾਮੇਸ਼ਨ ਮੁਕਾਬਲਾ ਕਰਵਾਇਆ ਗਿਆ ਹੈ। ਜੇਤੂ ਵਿਦਿਆਰਥੀਆਂ ਨੂੰ ਮੈਡਲ, ਸਰਟੀਫਿਕੇਟ ਅਤੇ ਨਕਦ ਰਾਸ਼ੀ ਦੇਕੇ ਸਨਮਾਨਿਤ ਕੀਤਾ ਗਿਆ। ਜ਼ਿਲ੍ਹਾ ਪੱਧਰੀ ਮੁਕਾਬਲਾ (ਹਾਈ ਵਿਭਾਗ) ਜਿੱਤਣ ਵਾਲੀ ਵਿਦਿਆਰਥਣ ਨਵਦੀਪ ਕੌਰ ਹੁਣ ਸਟੇਟ ਪੱਧਰੀ ਡੈਕਲਾਮੇਸ਼ਨ ਮੁਕਾਬਲੇ ਵਿੱਚ ਮਾਨਸਾ ਜ਼ਿਲ੍ਹੇ ਦੀ ਪ੍ਰਤੀਨਿਧਤਾ ਕਰੇਗੀ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫਸਰ (ਸੈ.ਸਿ) ਸ੍ਰ. ਹਰਿੰਦਰ ਸਿੰਘ ਭੁੱਲਰ , ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਅਸ਼ੋਕ ਕੁਮਾਰ ਅਤੇ ਪ੍ਰਿੰਸੀਪਲ ਡਾਇਟ ਸ੍ਰ. ਬੂਟਾ ਸਿੰਘ ਸ਼ੇਖੋਂ ਵੱਲੋਂ ਵਿਸ਼ੇਸ਼ ਤੌਰ ਤੇ ਜੇਤੂ ਵਿਦਿਆਰਥਣ ਨਵਦੀਪ ਕੌਰ ਨੂੰ ਵਧਾਈਆਂ ਦਿੱਤੀਆਂ ਗਈਆਂ। ਗਾਈਡ ਅਧਿਆਪਕ ਗੁਰਪ੍ਰੀਤ ਸਿੰਘ ਅਤੇ ਵਧਾਵਾ ਸਿੰਘ ਨੇ ਇਸ ਮੌਕੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਤਰ੍ਹਾਂ ਦੇ ਇੰਗਲਿਸ਼ ਡੈਕਲਾਮੇਸ਼ਨ ਮੁਕਾਬਲੇ ਵਿਦਿਆਰਥੀਆਂ ਅੰਦਰ ਮੁਕਾਬਲੇ ਦੀ ਭਾਵਨਾ ਪੈਦਾ ਕਰਦੇ ਹਨ। ਇਨ੍ਹਾਂ ਮੁਕਾਬਲਿਆਂ ਦਾ ਮੁੱਖ ਮੰਤਵ ਬੱਚਿਆਂ ਦੇ ਉਚਾਰਨ ਲਹਿਜ਼ੇ ’ਚ ਸੰਪੂਰਨਤਾ ਲਿਆਉਣ ਅਤੇ ਉਨ੍ਹਾਂ ’ਚ ਸਵੈ-ਵਿਸ਼ਵਾਸ ਪੈਦਾ ਕਰਨਾ ਹੈ। ਇਸ ਮੌਕੇ ਸਮੂਹ ਸਟਾਫ ਵੱਲੋਂ ਵਿਸੇ਼ਸ਼ ਤੌਰ ਤੇ ਜੇਤੂ ਵਿਦਿਆਰਥਣ ਅਤੇ ਉਸਦੇ ਮਾਪਿਆਂ ਨੂੰ ਵਧਾਈਆਂ ਦਿੱਤੀਆਂ ਗਈਆਂ।

Leave a comment

Your email address will not be published. Required fields are marked *