ਸਰਕਾਰੀ ਸਕੂਲਾਂ ਵਿੱਚ ਮਲੇਰੀਆ ਬਾਰੇ ਜਾਣਕਾਰੀ ਦਿੱਤੀ

ਭਵਾਨੀਗੜ੍ਹ,(ਵਿਜੈ ਗਰਗ) ਸਿਵਲ ਸਰਜਨ ਸੰਗਰੂਰ ਡਾ. ਕਿਰਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਤੇ ਸੀਨੀਅਰ ਮੈਡੀਕਲ ਅਫ਼ਸਰ ਭਵਾਨੀਗੜ੍ਹ ਡਾ. ਵਿਨੋਦ ਕੁਮਾਰ ਦੀ ਯੋਗ ਅਗਵਾਈ ਅਧੀਨ ਮਲੇਰੀਆ ਦਿਵਸ ਨੂੰ ਮੁੱਖ ਰੱਖਦੇ ਹੋਏ ਸ ਸ ਸ ਸਕੂਲ ਮਾਝੀ ਅਤੇ ਬਖੋਪੀਰ ਵਿਖ਼ੇ ਮਲੇਰੀਆ ਦੀ ਬਿਮਾਰੀ ਤੋਂ ਬਚਾਓ ਸੰਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਰਣਜੀਤ ਸਿੰਘ ਮਪਹਵ, ਦਲਜੀਤ ਸਿੰਘ ਐਸ ਆਈ, ਅਮਨਦੀਪ ਕੌਰ ਸੀ ਐਚ ਓ, ਬਲਵਿੰਦਰ ਕੌਰ ਮ ਪ ਹ ਵ ਫੀਮੇਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਲੇਰੀਆ ਦੀ ਬਿਮਾਰੀ ਮਾਦਾ ਐਨਾਫ਼ਲੀਜ਼ ਮੱਛਰ ਦੇ ਕੱਟਣ ਕਾਰਣ ਹੁੰਦੀ ਹੈ ਅਤੇ ਇਹ ਮੱਛਰ ਸਾਫ਼ ਖੜ੍ਹੇ ਪਾਣੀ ਵਿੱਚ ਪੈਦਾ ਹੁੰਦਾ ਹੈ। ਠੰਡ ਅਤੇ ਕਾਂਬੇ ਨਾਲ਼ ਬੁਖ਼ਾਰ , ਸਿਰ ਦਰਦ, ਬੁਖ਼ਾਰ ਉਤਰਨ ਤੋਂ ਬਾਅਦ ਥਕਾਵਟ ਅਤੇ ਕਮਜ਼ੋਰੀ ਹੋਣਾ ਅਤੇ ਸਰੀਰ ਨੂੰ ਪਸੀਨਾ ਆਉਣਾ ਆਦਿ ਇਸ ਬਿਮਾਰੀ ਦੇ ਲੱਛਣ ਹਨ। ਇਸ ਲਈ ਸਾਨੂੰ ਇਸ ਬਿਮਾਰੀ ਤੋਂ ਬਚਣ ਲਈ ਸਾਵਧਾਨੀ ਵਰਤਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਸਾਫ਼ ਪਾਣੀ ਖੜ੍ਹਦਾ ਹੈ, ਉਸ ਨੂੰ ਤੁਰੰਤ ਸੁਕਾ ਦਿੱਤਾ ਜਾਵੇ। ਮੱਛਰ ਦਾ ਲਾਰਵਾ ਆਮ ਤੌਰ ਤੇ ਕੂਲਰ, ਫ਼ਰਿੱਜ਼ ਦੀ ਬੈਕ ਸਾਈਡ ਟ੍ਰੇਅ, ਕਬਾੜ ਬਰਤਨਾਂ, ਕੰਨਟੇਨਰਾਂ, ਗਮਲਿਆਂ , ਪੁਰਾਣੇ ਟਾਇਰਾਂ , ਹੌਦੀਆਂ ਆਦਿ ਵਿੱਚ ਖੜ੍ਹੇ ਵਾਧੂ ਸਾਫ਼ ਪਾਣੀ ਵਿੱਚ ਪੈਦਾ ਹੁੰਦਾ ਹੈ।ਇਸ ਲਈ ਹਰ ਹਫ਼ਤੇ (ਸ਼ੁਕਰਵਾਰ) ਇਨ੍ਹਾਂ ਵਿੱਚੋਂ ਪਾਣੀ ਨੂੰ ਬਾਹਰ ਕੱਢ ਕੇ ਸੁਕਾ ਦਿੱਤਾ ਜਾਵੇ। ਗਰਮੀ ਦੇ ਆਉਣ ਵਾਲੇ ਸੀਜ਼ਨ ਦੌਰਾਨ ਲੂ ਤੋਂ ਬਚਾਓ ਸੰਬੰਧੀ ਵੀ ਜਾਣਕਾਰੀ ਦਿੱਤੀ ਗਈ।
