ਸ਼ਾਹਕੋਟ ‘ਚ ਦਿਨ-ਦਿਹਾੜੇ ਅਧਿਆਪਕ ਦੀ ਐਕਟਿਵਾ ਚੋਰੀ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਚੋਰਾਂ ਵਲੋਂ ਦਿਨ-ਦਿਹਾੜੇ ਹੀ ਸ਼ਾਹਕੋਟ ਦੇ ਗੁਰਦੁਆਰਾ ਸਾਹਿਬ ਬਾਹਰੋਂ ਇਕ ਸੀ.ਐੱਚ.ਟੀ ਦੀ ਐਕਟਿਵਾ ਚੋਰੀ ਕੀਤੀ ਗਈ ਹੈ। ਜਾਣਕਾਰੀ ਦਿੰਦੇ ਹੋਏ ਕਸ਼ਮੀਰ ਸਿੰਘ ਵਾਸੀ ਮੁਹੱਲਾ ਅਜ਼ਾਦ ਨਗਰ ਸ਼ਾਹਕੋਟ ਨੇ ਦੱਸਿਆ ਕਿ ਉਹ ਸਰਕਾਰੀ ਪ੍ਰਾਇਮਰੀ ਸਕੂਲ ਕੋਹਾੜ ਕਲਾਂ (ਸ਼ਾਹਕੋਟ) ’ਚ ਬਤੌਰ ਸੈਂਟਰ ਹੈੱਡ ਟੀਚਰ (ਸੀ.ਐੱਚ.ਟੀ) ਵਜੋਂ ਸੇਵਾਵਾਂ ਨਿਭਾ ਰਹੇ ਹਨ। ਉਹ ਅੱਜ ਕਰੀਬ 12:45 ਵਜੇ ਗੁਰਦੁਆਰਾ ਸ਼੍ਰੀ ਸਿੰਘ ਸਭਾ ਮੁਹੱਲਾ ਢੇਰੀਆਂ ਸ਼ਾਹਕੋਟ ਵਿਖੇ ਸਵ. ਕੇਵਲ ਸਿੰਘ ਦੀ ਅੰਤਿਮ ਅਰਦਾਸ ’ਚ ਗਏ ਸਨ। ਜਦ ਉਹ ਦੁਪਹਿਰ ਕਰੀਬ 2 ਵਜੇ ਗੁਰਦੁਆਰਾ ਸਾਹਿਬ ਤੋਂ ਬਾਹਰ ਆਏ ਤਾਂ ਉਨ੍ਹਾਂ ਦੀ ਗੁਰਦੁਆਰਾ ਸਾਹਿਬ ਬਾਹਰ ਖੜ੍ਹੀ ਚਿੱਟੇ ਰੰਗ ਦੀ ਐਕਟਿਵਾ (ਨੰਬਰ- ਪੀ.ਬੀ-08-ਸੀ.ਐੱਸ-4605) ਉਥੋਂ ਗਾਇਬ ਸੀ। ਆਸ-ਪਾਸ ਐਕਟਿਵਾ ਲੱਭਣ ਦੀ ਕੋਸ਼ਿਸ਼ ਕੀਤੀ, ਪਰ ਨਹੀਂ ਲੱਭੀ। ਉਨ੍ਹਾਂ ਦੱਸਿਆ ਕਿ ਜਦ ਗੁਰਦੁਆਰਾ ਸਾਹਿਬ ਬਾਹਰ ਲੱਗੇ ਸੀ.ਸੀ.ਟੀ.ਵੀ ਕੈਮਰਿਆਂ ਦੀ ਫੁਟੇਜ਼ ਦੇਖੀ ਗਈ ਤਾਂ ਪਤਾ ਲੱਗਾ ਕਿ ਇਕ ਚੋਰ ਵਲੋਂ ਗੁਰਦੁਆਰਾ ਸਾਹਿਬ ਬਾਹਰੋਂ ਦੁਪਹਿਰ ਕਰੀਬ 1:05 ਵਜੇ ਐਕਟਿਵਾ ਚੋਰੀ ਕੀਤੀ ਗਈ ਹੈ। ਚੋਰੀ ਹੋਈ ਐਕਟਿਵਾ ’ਚ ਉਨ੍ਹਾਂ ਦੇ ਸਕੂਲ ਤੇ ਘਰ ਦੇ ਜ਼ਰੂਰੀ ਕਾਗਜ਼ਾਤ ਵੀ ਸਨ। ਚੋਰੀ ਦੀ ਘਟਨਾ ਸੰਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ।
