ਸ਼ਾਹਕੋਟ ਦੇ ਪਿੰਡ ਮਾਣਕਪੁਰ ਦਾ ਨੌਜਵਾਨ ਪਿਛਲੇ ਕਰੀਬ 6 ਦਿਨਾਂ ਤੋਂ ਲਾਪਤਾ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਸ਼ਾਹਕੋਟ ਦੇ ਨਜ਼ਦੀਕੀ ਪਿੰਡ ਮਾਣਕਪੁਰ ਦਾ ਇੱਕ ਨੌਜਵਾਨ ਪਿਛਲੇ 6 ਦਿਨਾਂ ਤੋਂ ਅਚਾਨਕ ਲਾਪਤਾ ਹੋਣ ਕਾਰਨ ਉਸਦੇ ਪਰਿਵਾਰਕ ਮੈਂਬਰ ਪ੍ਰੇਸ਼ਾਨੀ ਦੇ ਆਲਮ ’ਚੋਂ ਗੁਜ਼ਰ ਰਹੇ ਹਨ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜ਼ਿਲ੍ਹਾ ਮੀਤ ਖਜ਼ਾਨਚੀ ਰਜਿੰਦਰ ਸਿੰਘ ਰਾਜੂ ਨੇ ਦੱਸਿਆ ਕਿ ਉਨ੍ਹਾਂ ਦਾ ਰਿਸ਼ਤੇਦਾਰ ਪ੍ਰੀਤਮ ਸਿੰਘ ਉਰਫ ਪੀਤਾ (32) ਪੁੱਤਰ ਸੋਹਣ ਸਿੰਘ ਵਾਸੀ ਪਿੰਡ ਮਾਣਕਪੁਰ 15 ਮਾਰਚ ਨੂੰ ਟਰੈਕਟਰ-ਟਰਾਲੀ ’ਤੇ ਗੰਨੇ ਲੱਦ ਕੇ ਵੇਚਣ ਗਿਆ ਸੀ। ਉਹ ਮਲਸੀਆਂ ਕੋਲ ਇੱਕ ਵੇਲਣੇ ’ਤੇ ਗੰਨੇ ਵੇਚ ਕੇ ਨਕਦੀ ਲੈ ਕੇ ਉਥੋਂ ਵਾਪਸ ਆ ਗਿਆ ਤੇ ਬਾਅਦ ਵਿਚ ਉਸ ਬਾਰੇ ਕੁੱਝ ਪਤਾ ਨਾ ਲੱਗਾ ਅਤੇ ਨਾ ਹੀ ਉਸਦਾ ਫੋਨ ਮਿਲਿਆ। ਜਦੋਂ ਪਰਿਵਾਰਕ ਮੈਂਬਰ ਭਾਲ ਵਿੱਚ ਨਿਕਲੇ ਤਾਂ ਪਿੰਡ ਥੰਮੂਵਾਲ ਵਾਲੇ ਰੋਡ ’ਤੇ ਟਰੈਕਟਰ-ਟਰਾਲੀ ਬਰਾਮਦ ਹੋਏ, ਪਰ ਨੌਜਵਾਨ ਬਾਰੇ ਉਥੇ ਵੀ ਕੁੱਝ ਪਤਾ ਨਾ ਲੱਗਾ। ਪਰਿਵਾਰ ਵਲੋਂ ਇਸ ਸਬੰਧੀ ਪੁਲਿਸ ਨੂੰ ਸੂਚਿਤ ਕੀਤਾ ਗਿਆ। ਐਸ.ਐਚ.ਓ. ਇੰਸਪੈਕਟਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵਲੋਂ ਨੌਜਵਾਨ ਦੀ ਭਾਲ ਕੀਤੀ ਜਾ ਰਹੀ ਹੈ ਅਤੇ ਫੋਨ ਕਾਲ ਡਿਟੇਲ ਕੱਢਵਾ ਕੇ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪੁਲਿਸ ਵਲੋਂ ਅਣਪਛਾਤੇ ਵਿਅਕਤੀਆਂ ਖਿਲਾਫ਼ ਨੌਜਵਾਨ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ।
