August 6, 2025
#National

ਸ਼ਾਹਕੋਟ ਦੇ ਪਿੰਡ ਸਾਂਦ ਵਿਖੇ ਪਾਣੀ ਵਾਲੀ ਟੈਂਕੀ ਦੀ ਮੋਟਰ ਖਰਾਬ, ਲੋਕ ਪ੍ਰੇਸ਼ਾਨ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਸ਼ਾਹਕੋਟ ਦੇ ਨਜ਼ਦੀਕੀ ਪਿੰਡ ਸਾਂਦ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵੱਲੋਂ ਲੋਕਾਂ ਦੀ ਸਹੂਲਤ ਲਈ ਬਣਾਈ ਪਾਣੀ ਵਾਲੀ ਟੈਂਕੀ ਦੀ ਮੋਟਰ ਪਿੱਛਲੇ ਕਰੀਬ 2 ਹਫ਼ਤੇ ਤੋਂ ਖਰਾਬ ਹੋਣ ਕਾਰਨ ਲੋਕ ਬੂੰਦ-ਬੂੰਦ ਪਾਣੀ ਨੂੰ ਤਰਸ ਰਹੇ ਹਨ, ਪਰ ਪ੍ਰਸਾਸ਼ਨ ਚੋਣ ਜਾਪਤਾ ਦਾ ਬਹਾਨਾ ਬਣਾਕੇ ਉਸ ਨੂੰ ਠੀਕ ਨਹੀਂ ਕਰਵਾ ਰਿਹਾ, ਜਿਸ ਕਾਰਨ ਵੱਖ-ਵੱਖ ਪਿੰਡਾਂ ਦੇ ਲੋਕਾਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ। ਜਿਕਰਯੋਗ ਹੈ ਕਿ ਪਿੰਡ ਸਾਂਦ ਤੋਂ ਕਰੀਬ ਤਿੰਨ ਪਿੰਡਾਂ ਨੂੰ ਪਾਣੀ ਦੀ ਸਪਲਾਈ ਜਾਂਦੀ ਹੈ ਅਤੇ ਪਿੰਡ ਸਾਂਦ, ਬਾਊਪੁਰ, ਬਾਊਪੁਰ ਬੇਟ ਦੇ ਲੋਕ ਪੀਣ ਯੋਗ ਪਾਣੀ ਨਾ ਮਿਲਣ ਕਾਰਨ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਪ੍ਰਸਾਸ਼ਨ ਖਿਲਾਫ਼ ਰੋਸ ਪ੍ਰਗਟ ਕੀਤਾ। ਇਸ ਮੌਕੇ ਚਰਨਜੀਤ ਨਾਹਰ ਸਾਂਦ, ਬਲਵਿੰਦਰ ਸਿੰਘ ਬਾਊਪੁਰ, ਛਿੰਦਰਪਾਲ ਸਹੋਤਾ ਸੰਚਾਲਕ ਕ੍ਰਾਂਤੀਕਾਰੀ ਬਹੁਜਨ ਕਿਰਤੀ ਸੰਘ ਆਦਿ ਨੇ ਕਿਹਾ ਕਿ ਪਾਣੀ ਵਾਲੀ ਟੈਂਕੀ ਦੀ ਮੋਟਰ ਖਰਾਬ ਹੋਣ ਕਾਰਨ ਪਿੰਡ ਸਾਂਦ, ਬਾਊਪੁਰ, ਬਾਊਪਰ ਬੇਟ ਦੇ ਪਿੰਡ ਵਾਸੀ ਅਤੇ ਉਨ੍ਹਾਂ ਵੱਲੋਂ ਰੱਖੇ ਗਏ ਪਾਲਤੂ ਪਸ਼ੂ ਗੰਦਾ ਪਾਣੀ ਪੀਣ ਲਈ ਮਜ਼ਬੂਰ ਹਨ, ਪਰ ਬਾਰ-ਬਾਰ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਮੋਟਰ ਠੀਕ ਕਰਵਾਉਣ ਦੀ ਬੇਨਤੀ ਕਰਨ ਦੇ ਬਾਵਜੂਦ ਕੋਈ ਵੀ ਮਸਲਾ ਹੱਲ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਕਿਹਾ ਕਿ ਚੋਣ ਜਾਪਤਾ ਲੱਗਣ ਤੋਂ ਬਾਅਦ ਪਿੰਡਾਂ ਦੇ ਪ੍ਰਬੰਧ ਬੀ.ਡੀ.ਪੀ.ਓ. ਦਫ਼ਤਰ ਅਧੀਨ ਚੱਲ ਰਹੇ ਹਨ ਅਤੇ ਪਿੰਡ ਵਾਸੀਆਂ ਵੱਲੋਂ 15ਵੇਂ ਵਿੱਤ ਕਮਿਸ਼ਨ ਵਿੱਚੋਂ ਫੰਡ ਵਰਤਨ ਲਈ ਮਤਾ ਵੀ ਪਾ ਕੇ ਦਿੱਤਾ ਗਿਆ ਹੈ, ਪਰ ਅਧਿਕਾਰੀ ਇਸ ਪ੍ਰਤੀ ਗੰਭੀਰਤਾਂ ਨਹੀਂ ਦਿਖਾ ਰਹੇ। ਇਸ ਮੌਕੇ ਇਕੱਠੇ ਹੋਏ ਲੋਕਾਂ ਨੇ ਪ੍ਰਸਾਸ਼ਨ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਇੱਕ-ਦੋ ਦਿਨਾਂ ਵਿੱਚ ਮੋਟਰ ਠੀਕ ਨਾ ਕਰਵਾਈ ਗਈ ਤਾਂ ਉਹ ਪ੍ਰਸਾਸ਼ਨ ਖਿਲਾਫ਼ ਸੜਕਾਂ ਤੇ ਉੱਤਰਨ ਲਈ ਮਜ਼ਬੂਰ ਹੋਣਗੇ। ਇਸ ਮੌਕੇ ਪਰਮਜੀਤ ਸਿੰਘ, ਲਖਵੀਰ ਸਿੰਘ, ਕਸ਼ਮੀਰ ਸਿੰਘ ਤਲਵੰਡੀ, ਸੁੱਚਾ ਸਿੰਘ, ਗੁਰਮੇਜ ਸਿੰਘ ਬਾਊਪੁਰ, ਮਨਜੀਤ ਸਿੰਘ, ਜਸਵੀਰ ਸਿੰਘ, ਜੀਵਨ ਸਿੰਘ, ਭੋਲਾ ਸਿੰਘ, ਰਾਕੇਸ਼ ਕੁਮਾਰ, ਸੁਖਪ੍ਰੀਤ ਸਿੰਘ, ਬਲਦੇਵ ਸਿੰਘ, ਰੌਣਕੀ ਰਾਮ, ਲਖਵਿੰਦਰ ਸਿੰਘ, ਸੁਨਾਮ, ਕਮਲਜੀਤ ਕੌਰ, ਅਮਨ, ਰਾਣੀ, ਗੁਰਮੀਤ ਆਦਿ ਹਾਜ਼ਰ ਸਨ।

Leave a comment

Your email address will not be published. Required fields are marked *