ਸ਼ਾਹਕੋਟ ਪੁਲਿਸ ਵਲੋਂ ਤਿੰਨ ਗ੍ਰਾਮ ਹੈਰੋਇਨ ਸਮੇਤ ਇਕ ਔਰਤ ਕਾਬੂ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਡੀ.ਐੱਸ.ਪੀ ਸ਼ਾਹਕੋਟ ਨਰਿੰਦਰ ਸਿੰਘ ਔਜਲਾ ਦੀ ਅਗਵਾਈ ਤੇ ਐੱਸ.ਐੱਚ.ਓ ਸ਼ਾਹਕੋਟ ਯਾਦਵਿੰਦਰ ਸਿੰਘ ਦੀ ਦੇਖ-ਰੇਖ ਹੇਠ ਸ਼ਾਹਕੋਟ ਪੁਲਿਸ ਨੇ ਤਿੰਨ ਗ੍ਰਾਮ ਹੈਰੋਇਨ ਸਮੇਤ ਇਕ ਔਰਤ ਨੂੰ ਕਾਬੂ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਡੀ.ਐੱਸ.ਪੀ ਸ਼ਾਹਕੋਟ ਨਰਿੰਦਰ ਸਿੰਘ ਔਜਲਾ ਨੇ ਦੱਸਿਆ ਕਿ ਸਬ-ਇੰਸਪੈਕਟਰ ਲਖਬੀਰ ਸਿੰਘ ਪੁਲਿਸ ਪਾਰਟੀ ਸਮੇਤ ਬੱਸ ਅੱਡਾ ਸ਼ਾਹਕੋਟ ਤੋਂ ਹੁੰਦੇ ਹੋਏ ਮੁਹੱਲਾ ਧੋੜਾ ਤੋਂ ਮੁਹੱਲਾ ਬਾਗਵਾਲਾ ਵੱਲ ਨੂੰ ਜਾ ਰਹੇ ਸੀ। ਜਦ ਪੁਲਿਸ ਪਾਰਟੀ ਸਵਰਗ ਆਸ਼ਰਮ ਸ਼ਾਹਕੋਟ ਨਜ਼ਦੀਕ ਪੁੱਜੀ ਤਾਂ ਮੁਹੱਲਾ ਬਾਗਵਾਲਾ ਵਾਲੇ ਪਾਸੇ ਤੋਂ ਪੈਦਲ ਆ ਰਹੀ ਇਕ ਔਰਤ, ਜਿਸ ਨੇ ਸ਼ਾਲ ਦੀ ਬੁੱਕਲ ਮਾਰੀ ਹੋਈ ਸੀ ਤੇ ਮੂੰਹ ਵੀ ਢੱਕਿਆ ਹੋਇਆ ਸੀ, ਜੋ ਪੁਲਿਸ ਦੀ ਗੱਡੀ ਆਉਂਦੀ ਦੇਖ ਕੇ ਇੱਕੋਦਮ ਪਿੱਛੇ ਨੂੰ ਮੁੜ ਗਈ ਤੇ ਹੱਥ ’ਚ ਕਾਲੇ ਰੰਗ ਦਾ ਫੜ੍ਹਿਆ ਮੋਮੀ ਲਿਫ਼ਾਫ਼ਾ ਸੜਕ ਕਿਨਾਰੇ ਸੱੁਟ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਪਾਰਟੀ ਵਲੋਂ ਮਹਿਲਾ ਕਾਂਸਟੇਬਲ ਰਾਧਾ ਰਾਣੀ ਦੀ ਮਦਦ ਨਾਲ ਔਰਤ ਨੂੰ ਕਾਬੂ ਕੀਤਾ ਗਿਆ ਤੇ ਪੁੱਛ-ਗਿੱਛ ਕਰਨ ’ਤੇ ਔਰਤ ਨੇ ਆਪਣਾ ਨਾਂਅ ਮੰਜੂ ਪਤਨੀ ਅੰਜੇ ਵਾਸੀ ਮੁਹੱਲਾ ਧੋੜਾ ਸ਼ਾਹਕੋਟ ਦੱਸਿਆ। ਜਦ ਸੜਕ ਕਿਨਾਰੇ ਸੱੁਟੇ ਮੋਮੀ ਲਿਫਾਫੇ ਨੂੰ ਖੋਲ੍ਹ ਦੇ ਦੇਖਿਆ ਗਿਆ ਤਾਂ ਉਸ ’ਚੋਂ ਤਿੰਨ ਗ੍ਰਾਮ ਹੈਰੋਇਨ ਬਰਾਮਦ ਹੋਈ। ਪੁਲਿਸ ਵਲੋਂ ਦੋਸ਼ੀ ਔਰਤ ਮੰਜੂ ਖ਼ਿਲਾਫ਼ ਐੱਨ.ਡੀ.ਪੀ.ਐੱਸ ਐਕਟ ਤਹਿਤ ਸ਼ਾਹਕੋਟ ਥਾਣੇ ਵਿਖੇ ਮੁਕੱਦਮਾ ਨੰਬਰ 16 ਦਰਜ ਕਰ ਦਿੱਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਦੋਸ਼ੀ ਔਰਤ ਨੂੰ ਨਕੋਦਰ ਅਦਾਲਤ ’ਚ ਪੇਸ਼ ਕਰਕੇ ਕਪੂਰਥਲਾ ਜੇਲ੍ਹ ਭੇਜ ਦਿੱਤਾ ਗਿਆ ਹੈ।
