ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਨੇ ਰਮੇਸ਼ ਕਲੇਰ ਨੂੰ ‘ਮਾਣ ਪੰਜਾਬੀਆਂ ਦਾ ਅਵਾਰਡ ਨਾਲ ਨਵਾਜਿਆ

ਫਗਵਾੜਾ 2 ਫਰਵਰੀ (ਸ਼ਿਵ ਕੋੜਾ) ਸ਼ੇਰ-ਏ-ਪੰਜਾਬ ਸਪੋਰਟਸ ਐਂਡ ਕਲਚਰਲ ਸੁਸਾਇਟੀ ਫਗਵਾੜਾ ਵਲੋਂ ਪ੍ਰਵਾਸੀ ਭਾਰਤੀ ਅਤੇ ਉੱਘੇ ਪ੍ਰਮੋਟਰ ਰਮੇਸ਼ ਕਲੇਰ (ਯੂ.ਕੇ.) ਨੂੰ ‘ਮਾਣ ਪੰਜਾਬੀਆਂ ਦਾ’ ਅਵਾਰਡ ਨਾਲ ਨਵਾਜਿਆ ਗਿਆ। ਇਹ ਅਵਾਰਡ ਉਹਨਾਂ ਨੂੰ ਪੰਜਾਬ ਫੇਰੀ ਦੌਰਾਨ ਸਥਾਨਕ ਕੇ.ਜੀ. ਰਿਜੋਰਟ ਵਿਖੇ ਆਯੋਜਿਤ ਸੰਖੇਪ ਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਪ੍ਰਦਾਨ ਕੀਤਾ ਗਿਆ। ਵਧੇਰੇ ਜਾਣਕਾਰੀ ਦਿੰਦਿਆਂ ਸੁਸਾਇਟੀ ਦੇ ਪ੍ਰਧਾਨ ਰੀਤ ਪ੍ਰੀਤ ਪਾਲ ਸਿੰਘ ਨੇ ਦੱਸਿਆ ਕਿ ਸਨਮਾਨ ਵਜੋਂ ਰਮੇਸ਼ ਕਲੇਰ ਨੂੰ ਟੈਗ ਦੇ ਨਾਲ ਪੰਜਾਬੀ ਵਿਰਸੇ ਦਾ ਪ੍ਰਤੀਕ ਖੂੰਡਾ ਵੀ ਭੇਂਟ ਕੀਤਾ ਗਿਆ। ਉਹਨਾਂ ਦੱਸਿਆ ਕਿ ਰਮੇਸ਼ ਕਲੇਰ ਦਾ ਵਿਦੇਸ਼ਾਂ ਵਿਚ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਵਿਰਸੇ ਨੂੰ ਪ੍ਰਫੁੱਲਤ ਕਰਨ ਵਿਚ ਵਢਮੁੱਲਾ ਯੋਗਦਾਨ ਹੈ। ਇਸ ਤੋਂ ਇਲਾਵਾ ਉਹ ਮੀਡੀਆ ਨਾਲ ਵੀ ਜੁੜੇ ਹਨ। ਉਹਨਾਂ ਕਿਹਾ ਕਿ ਸਾਰੇ ਪੰਜਾਬ ਨੂੰ ਰਮੇਸ਼ ਕਲੇਰ ਅਤੇ ਉਹਨਾਂ ਵਰਗੇ ਹੋਰ ਐਨ.ਆਰ.ਆਈ. ਵੀਰਾਂ ਉੱਪਰ ਮਾਣ ਹੈ ਜੋ ਵਿਦੇਸ਼ ਦੀ ਧਰਤੀ ਤੇ ਰੰਹਿਦੇ ਹੋਏ ਪੰਜਾਬੀ ਸੱਭਿਆਚਾਰ ਤੇ ਮਾਂ ਬੋਲੀ ਨੂੰ ਪ੍ਰਫੁੱਲਤ ਕਰ ਰਹੇ ਹਨ। ਉਹਨਾਂ ਦੱਸਿਆ ਕਿ ਸਮਾਗਮ ਦੌਰਾਨ ਰਮੇਸ਼ ਕਲੇਰ ਤੋਂ ਇਲਾਵਾ ਸਮਾਜ ਸੇਵਕ ਜਗਜੀਤ ਕੁਲਥਮ ਦਾ ਵੀ ਸਨਮਾਨ ਕੀਤਾ ਗਿਆ। ਇਸ ਮੌਕੇ ਰਮੇਸ਼ ਕਲੇਰ ਨੇ ਸੁਸਾਇਟੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਸਨਮਾਨ ਨਾਲ ਉਹਨਾਂ ਦੀ ਬਹੁਤ ਹੌਸਲਾ ਅਫਜਾਈ ਹੋਈ ਹੈ ਅਤੇ ਉਹ ਭਵਿੱਖ ਵਿਚ ਹੋਰ ਵੀ ਤਨਦੇਹੀ ਨਾਲ ਪੰਜਾਬੀ ਸੱਭਿਆਚਾਰ ਅਤੇ ਮਾਂ ਬੋਲੀ ਨੂੰ ਵਿਦੇਸ਼ਾਂ ਵਿਚ ਫੈਲਾਉਂਦੇ ਰਹਿਣਗੇ। ਇਸ ਮੌਕੇ ਸੁਸਾਇਟੀ ਦੇ ਜਨਰਲ ਸਕੱਤਰ ਸਲਵਿੰਦਰ ਸਿੰਘ ਜੱਸੀ, ਕੈਵਿਨ ਸਿੰਘ, ਦੇਵ ਵਿਰਕ, ਰਸ਼ਪਾਲ ਸਿੰਘ ਸਿੱਧੂ, ਪੂਜਾ ਸਾਹਨੀ, ਰੀਟਾ ਸਿੱਧੂ, ਗੁਰਮੀਤ ਚੀਮਾ ਖੰਨਾ, ਨੀਲਮ ਹਾਂਡਾ, ਰਜਨੀ ਸੋਂਧੀ, ਸੋਵਿਤਾ ਸਾਹਨੀ, ਸੁਨੈਨਾ ਸਾਹਨੀ, ਬਬੀਤਾ ਬੇਬੀ, ਪਰਸ਼ੁਭਮ ਸਾਹਨੀ ਤੋਂ ਇਲਾਵਾ ਹੋਰ ਪਤਵੰਤੇ ਹਾਜਰ ਸਨ।
