August 6, 2025
#Uncategorized

ਸਾਬਕਾ ਮੇਅਰ ਖੋਸਲਾ ਨੇ ਲਾਅ ਗੇਟ ਏਰੀਏ ਵਿੱਚ ਸਫਲ ਆਪ੍ਰੇਸ਼ਨ ਲਈ ਐਸ.ਪੀ ਰੁਪਿੰਦਰ ਕੌਰ ਦੀ ਕੀਤੀ ਸ਼ਲਾਘਾ

ਫਗਵਾੜਾ (ਸ਼ਿਵ ਕੋੜਾ) ਸ਼ਹਿਰ ਦੇ ਸਾਬਕਾ ਮੇਅਰ ਅਤੇ ਸੀਨੀਅਰ ਭਾਜਪਾ ਆਗੂ ਅਰੁਣ ਖੋਸਲਾ ਦੀ ਅਗਵਾਈ ਹੇਠ ਭਾਜਪਾ ਆਗੂਆਂ ਦੇ ਇੱਕ ਵਫਦ ਨੇ ਨਵ-ਨਿਯੁਕਤ ਐਸ.ਪੀ. ਰੁਪਿੰਦਰ ਕੌਰ ਭੱਟੀ ਨਾਲ ਮੁਲਾਕਾਤ ਕੀਤੀ ਅਤੇ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਦੀ ਫਗਵਾੜਾ ਵਿਖੇ ਨਿਯੁਕਤੀ ਦਾ ਸਵਾਗਤ ਕੀਤਾ। ਸਾਬਕਾ ਮੇਅਰ ਅਰੁਣ ਖੋਸਲਾ ਨੇ ਐਸਐਸਪੀ ਵਤਸਲਾ ਗੁਪਤਾ ਦੇ ਨਿਰਦੇਸ਼ਾਂ ਤਹਿਤ ਐਸ.ਪੀ. ਰੁਪਿੰਦਰ ਕੌਰ ਭੱਟੀ ਦੀ ਅਗਵਾਈ ਹੇਠ ਲਾਅ ਗੇਟ ਇਲਾਕੇ ਵਿੱਚ ਦੇਹ ਵਪਾਰ ਦੇ ਵੱਡੇ ਕਾਰੋਬਾਰ ਦਾ ਪਰਦਾਫਾਸ਼ ਕਰਨ ਲਈ ਚਲਾਏ ਸਫਲ ਆਪ੍ਰੇਸ਼ਨ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਇਲਾਕਾ ਅਨੈਤਿਕ ਗਤੀਵਿਧੀਆਂ ਲਈ ਕਾਫੀ ਬਦਨਾਮ ਰਿਹਾ ਹੈ ਪਰ ਇਸ ਤੋਂ ਪਹਿਲਾਂ ਕਿਸੇ ਨੇ ਅਜਿਹਾ ਹੌਸਲਾ ਨਹੀਂ ਦਿਖਾਇਆ ਸੀ। ਉਨ੍ਹਾਂ ਭਰੋਸਾ ਪ੍ਰਗਟਾਇਆ ਕਿ ਨਵ-ਨਿਯੁਕਤ ਐੱਸ.ਪੀ. ਰੁਪਿੰਦਰ ਕੌਰ ਭੱਟੀ ਦੀ ਅਗਵਾਈ ’ਚ ਪੁਲਿਸ ਪ੍ਰਸ਼ਾਸਨ ਫਗਵਾੜਾ ਇਲਾਕੇ ਨੂੰ ਅਪਰਾਧ ਮੁਕਤ ਬਣਾਉਣ ਲਈ ਸਰਗਰਮੀ ਨਾਲ ਕੰਮ ਕਰੇਗਾ। ਉਨ੍ਹਾਂ ਨਸ਼ਿਆਂ ਦੀ ਵਿਕਰੀ ਨੂੰ ਰੋਕਣ ਲਈ ਸੁਝਾਅ ਦਿੱਤੇ ਅਤੇ ਸ਼ਹਿਰ ਦੀ ਸ਼ਾਂਤੀ ਬਣਾਈ ਰੱਖਣ ਅਤੇ ਡਰੱਗ ਮਾਫੀਆ ’ਤੇ ਸ਼ਿਕੰਜਾ ਕੱਸਣ ਦੀ ਅਪੀਲ ਕੀਤੀ। ਐਸਪੀ ਰੁਪਿੰਦਰ ਕੌਰ ਭੱਟੀ ਨੇ ਕਿਹਾ ਕਿ ਫਗਵਾੜਾ ਵਿੱਚ ਕਾਨੂੰਨ ਵਿਵਸਥਾ ਨੂੰ ਸੁਧਾਰਨਾ ਉਨ੍ਹਾਂ ਦੀ ਪਹਿਲ ਰਹੇਗੀ। ਸਾਰੇ ਥਾਣਾ ਇੰਚਾਰਜਾਂ ਦੀਆਂ ਜ਼ਿੰਮੇਵਾਰੀਆਂ ਤੈਅ ਕੀਤੀਆਂ ਜਾਣਗੀਆਂ। ਉਹਨਾਂ ਨੇ ਡੀ.ਐਸ.ਪੀ. ਜਸਪ੍ਰੀਤ ਸਿੰਘ ਦੀ ਹਾਜ਼ਰੀ ’ਚ ਭਰੋਸਾ ਦਿੱਤਾ ਕਿ ਨਸ਼ਾ ਤਸਕਰਾਂ ਵਿਰੁੱਧ ਜ਼ੀਰੋ ਟੋਲਰੈਂਸ ਨੀਤੀ ਲਾਗੂ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਨੇ ਨਸ਼ਾ ਵੇਚਣ ਵਾਲਿਆਂ ਦੀ ਸੂਚਨਾ ਪੁਲਿਸ ਨੂੰ ਦੇਣ ਅਤੇ ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ਾ ਛੁਡਾਉ ਕੇਂਦਰਾਂ ਵਿੱਚ ਇਲਾਜ ਲਈ ਦਾਖਲ ਕਰਵਾਉਣ ਦੀ ਅਪੀਲ ਕੀਤੀ ਤੇ ਭਰੋਸਾ ਦਿੱਤਾ ਕਿ ਫਗਵਾੜਾ ਨੂੰ ਪੂਰੀ ਤਰ੍ਹਾਂ ਨਸ਼ਾ ਮੁਕਤ ਬਣਾਉਣਾ ਉਨ੍ਹਾਂ ਦੀ ਪਹਿਲ ਹੋਵੇਗੀ। ਜਦੋਂ ਉਨ੍ਹਾਂ ਦਾ ਧਿਆਨ ਚੋਰੀ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵੱਲ ਖਿੱਚਿਆ ਗਿਆ ਤਾਂ ਉਨ੍ਹਾਂ ਸਪੱਸ਼ਟ ਕਿਹਾ ਕਿ ਉਨ੍ਹਾਂ ਦੇ ਅਧਿਕਾਰ ਖੇਤਰ ਵਿੱਚ ਕਿਸੇ ਵੀ ਤਰ੍ਹਾਂ ਦੇ ਅਪਰਾਧ ਲਈ ਕੋਈ ਥਾਂ ਨਹੀਂ ਹੈ। ਜਨਤੱਕ ਸੁਰੱਖਿਆ ਨੂੰ ਉਹਨਾਂ ਨੇ ਆਪਣੀ ਮੁਢਲੀ ਜਿੰਮੇਵਾਰੀ ਦੱਸਿਆ। ਇਸ ਮੌਕੇ ਭਾਜਪਾ ਆਗੂ ਨਿਤਿਨ ਚੱਢਾ, ਪ੍ਰਦੀਪ ਆਹੂਜਾ, ਰਾਕੇਸ਼ ਬਾਂਸਲ, ਵਿਸ਼ਾਲ ਦੁੱਗਲ, ਬਲਰਾਮ ਸ਼ਰਮਾ, ਹਰਪ੍ਰੀਤ ਸਿੰਘ ਸੋਨੂੰ ਆਦਿ ਹਾਜਰ ਸਨ।

Leave a comment

Your email address will not be published. Required fields are marked *