ਸਿਟੀ ਹਸਪਤਾਲ ਨੂਰਮਹਿਲ ਵਿਖੇ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਲਗਾਇਆ ਗਿਆ

ਨੂਰਮਹਿਲ, ਸਿਟੀ ਹਸਪਤਾਲ ਨੂਰਮਹਿਲ ਵਿਖੇ ਡਾ: ਨਵੀਨ ਸ਼ਰਮਾ ਦੀ ਅਗਵਾਈ ਹੇਠ ਲਗਾਏ ਗਏ ਮੁਫ਼ਤ ਮੈਡੀਕਲ ਚੈਕਅੱਪ ਕੈਂਪ ਦੌਰਾਨ ਪੀ.ਜੀ.ਆਈ ਚੰਡੀਗੜ੍ਹ ਤੋਂ ਆਏ ਦਿਮਾਗ਼ ਅਤੇ ਰੀੜ੍ਹ ਦੀ ਹੱਡੀ ਦੇ ਮਾਹਿਰ ਡਾ. ਅਤੁਲ ਸ਼ਰਮਾ ਨੇ ਉਪਰੋਕਤ ਬਿਮਾਰੀ ਤੋਂ ਪੀੜਤ 32 ਮਰੀਜ਼ਾਂ ਦੀ ਜਾਂਚ ਕੀਤੀ ਜਿਨ੍ਹਾਂ ‘ਚ ਅਧਰੰਗ ਅਤੇ ਨਸਾਂ ਦੇ ਦੱਬਣ ਕਾਰਨ ਲੱਤਾਂ ਵਿੱਚ ਭਾਰ ਨਾ ਆਉਣਾ ਆਦਿ ਦੇ ਨਾਲ ਪੀੜਤ ਮਰੀਜ਼ਾਂ ਨੂੰ ਬਿਮਾਰੀ ਬਾਰੇ ਵਿਸਥਾਰਪੂਰਵਕ ਜਾਣਕਾਰੀ ਅਤੇ ਦਵਾਈਆਂ ਦਿੱਤੀਆਂ ਗਈਆਂ। ਕਿਡਨੀ ਰੋਗਾਂ ਦੇ ਮਾਹਿਰ ਡਾ. ਪ੍ਰਤੀਕ ਕੌਸ਼ਲ ਨੇ ਦੱਸਿਆ ਕਿ ਬਲੱਡ ਪ੍ਰੈਸ਼ਰ ਅਤੇ ਸ਼ੂਗਰ ਕਿਡਨੀ ਫੇਲ ਹੋਣ ਦੇ ਮੁੱਖ ਕਾਰਨ ਹਨ, ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਖਾਣ-ਪੀਣ ਦੀਆਂ ਗਲਤ ਆਦਤਾਂ, ਸਾਫ ਪਾਣੀ ਨਾ ਪੀਣਾ ਅਤੇ ਘੱਟ ਮਾਤਰਾ ‘ਚ ਪਾਣੀ ਪੀਣਾ ਵੀ ਕਿਡਨੀ ਦੀ ਸਮੱਸਿਆ ਦਾ ਕਾਰਨ ਬਣਦਾ ਹੈ। ਡਾ. ਪ੍ਰਤੀਕ ਕੌਸ਼ਲ ਨੇ ਗੁਰਦਿਆਂ ਦੀ ਬਿਮਾਰੀ ਤੋਂ ਪੀੜਤ 16 ਮਰੀਜ਼ਾਂ ਦੀ ਜਾਂਚ ਕਰਨ ਉਪਰੰਤ ਉਨ੍ਹਾਂ ਨੂੰ ਚੰਗੀ ਖੁਰਾਕ ਲੈਣ ਬਾਰੇ ਜਾਣਕਾਰੀ ਦਿੱਤੀ ਅਤੇ ਲੋੜਵੰਦ ਮਰੀਜ਼ਾਂ ਨੂੰ ਦਵਾਈਆਂ ਵੀ ਦਿੱਤੀਆਂ | ਡਾ. ਪ੍ਰਤੀਕ ਕੌਸ਼ਲ ਅਤੇ ਡਾ: ਅਤੁਲ ਸ਼ਰਮਾ ਹਰ ਵੀਰਵਾਰ ਸਵੇਰੇ 9 ਤੋਂ 11 ਵਜੇ ਤੱਕ ਸਿਟੀ ਹਸਪਤਾਲ ਨੂਰਮਹਿਲ ਵਿਖੇ ਓ.ਪੀ.ਡੀ. ਵਿੱਚ ਆਪਣੀਆਂ ਸੇਵਾਵਾਂ ਦੇਣਗੇ। ਇਸ ਮੌਕੇ ਸਿਟੀ ਹਸਪਤਾਲ ਨੂਰਮਹਿਲ ਦਾ ਸਮੂਹ ਸਟਾਫ਼ ਹਾਜ਼ਰ ਸੀ।
