ਸੀਚੇਵਾਲ ਦੇ ਨੌਜਵਾਨ ਦੀ ਫਿਲਪਾਈਨ ’ਚ ਮੌਤ

ਮਲਸੀਆਂ (ਬਿੰਦਰ ਕੁਮਾਰ) ਸ਼ਾਹਕੋਟ ਦੇ ਨਜ਼ਦੀਕੀ ਪਿੰਡ ਸੀਚੇਵਾਲ ਦੇ ਇੱਕ ਨੌਜਵਾਨ ਦੀ ਫਿਲਪਾਈਨ ਵਿਖੇ ਭੇਦ ਭਰੇ ਹਲਾਤਾ ਵਿੱਚ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੇ ਚਾਚਾ ਕੁਲਵਿੰਦਰ ਸਿੰਘ ਵਾਸੀ ਪਿੰਡ ਸੀਚੇਵਾਲ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਸਤਵੰਤ ਸਿੰਘ (24) ਪੁੱਤਰ ਸ਼ਿੰਗਾਰਾ ਸਿੰਘ ਵਾਸੀ ਪਿੰਡ ਸੀਚੇਵਾਲ, ਜੋੋ ਕਿ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ ਅਤੇ 6 ਸਾਲ ਪਹਿਲਾਂ ਰੋਜ਼ੀ-ਰੋਟੀ ਖਾਤਰ ਫਿਲਪਾਈਨ ਗਿਆ ਸੀ, ਜਿਸ ਦੇ ਕੋਲ ਉਸਦੇ ਮਾਤਾ-ਪਿਤਾ ਵੀ ਗਏ ਹੋਏ ਹਨ। ਉਨ੍ਹਾਂ ਦੱਸਿਆ ਕਿ ਰੋਜ਼ਾਨਾਂ ਦੀ ਤਰ੍ਹਾਂ ਸਤਵੰਤ ਸਿੰਘ ਬੀਤੇ ਦਿਨ ਫਿਲਪਾਈਨ ਦੇ ਸ਼ਹਿਰ ਬੰਬਾਗ ’ਚ ਕੰਮ ’ਤੇ ਗਿਆ ਸੀ ਅਤੇ ਵਾਪਸ ਨਾ ਮੁੜਿਆ ਤੇ ਨਾ ਹੀ ਉਸ ਨੇ ਫੋਨ ਚੁੱਕਿਆ। ਪਰਿਵਾਰਕ ਮੈਂਬਰਾਂ ਨੇ ਉਸ ਦੀ ਭਾਲ ਸ਼ੁਰੂ ਕੀਤੀ ਅਤੇ ਪੁਲਿਸ ਨੂੰ ਸੂਚਿਤ ਕੀਤਾ। ਸਵੇਰੇ 4 ਵਜੇ ਉਸਦੀ ਲਾਸ਼ ਰੋਡ ਦੇ ਨਾਲ ਖੱਡ ’ਚ ਹੇਠਾਂ ਪਈ ਮਿਲੀ, ਜਿਸ ਨਾਲ ਉਸਦਾ ਵਾਹਨ ਵੀ ਹੇਠਾਂ ਡਿੱਗਿਆ ਪਿਆ ਸੀ। ਉਸ ਦੇ ਮੱਥੇ ’ਤੇ ਸੱਟਾਂ ਲੱਗੀਆਂ ਸਨ। ਉਨ੍ਹਾਂ ਦੱਸਿਆ ਕਿ ਸਤਵੰਤ ਸਿੰਘ ਦੀ ਮੌਤ ਦੇ ਕਾਰਨ ਬਾਰੇ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਅਤੇ ਉਸਦਾ ਅੰਤਿਮ ਸਸਕਾਰ ਫਿਲਪਾਈਨ ਵਿਖੇ ਹੀ ਕੀਤਾ ਜਾਵੇਗਾ।
