ਸੁਖਪਾਲ ਸਿੰਘ ਖਹਿਰਾ ਦੇ ਦਫਤਰ ਦਾ ਉਦਘਾਟਨ ਖਹਿਰਾ ਦੀ ਨੂੰਹ ਵਿਰੀਤ ਕੌਰ ਖਹਿਰਾ ਅਤੇ ਸਿਬੀਆ ਨੇ ਕੀਤਾ

ਭਵਾਨੀਗੜ੍ਹ (ਵਿਜੈ ਗਰਗ) ਲੋਕ ਸਭਾ ਹਲਕਾ ਸੰਗਰੂਰ ਤੋਂ ਕਾਂਗਰਸ ਪਾਰਟੀ ਤੇ ਉਮੀਦਵਾਰ ਸੁਖਪਾਲ ਸਿੰਘ ਖਹਿਰਾ ਦੇ ਦਫਤਰ ਦਾ ਉਦਘਾਟਨ ਉਹਨਾਂ ਦੀ ਨੂੰਹ ਰਾਣੀ ਬੀਬੀ ਵਿਰੀਤ ਕੌਰ ਖਹਿਰਾ, ਧਰਮ ਪਤਨੀ ਅਤੇ ਸਾਬਕਾ ਵਿਧਾਇਕ ਸੁਰਿੰਦਰਪਾਲ ਸਿੰਘ ਸਿਬੀਆ ਵਲੋਂ ਕੀਤਾ ਗਿਆ। ਵਿਰੀਤ ਕੌਰ ਖਹਿਰਾ ਅਤੇ ਸ਼੍ਰੀ ਸਿਬੀਆ ਨੇ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ਦੀ ਜੰਮਕੇ ਨਿਖੇਧੀ ਕੀਤੀ। ਉਹਨਾਂ ਕਿਹਾ ਕਿ ਅਸੀਂ ਪਾਰਟੀ ਦੀਆਂ ਉਮੀਦਾਂ ਤੇ ਖਰਾ ਉਤਰਨ ਦੀ ਕੋਸ਼ਿਸ਼ ਕਰਾਂਗੇ। ਮੁੱਖ ਮੰਤਰੀ ਨੇ ਵੋਟਾਂ ਤੋਂ ਪਹਿਲਾਂ ਜੋ ਵਾਅਦਾ ਕੀਤਾ ਸੀ ਇਕ ਵੀ ਪੂਰਾ ਨਹੀਂ ਕੀਤਾ ਗਿਆ। ਜਿਵੇਂ ਕਿ ਨਾ ਬੀਬੀਆਂ ਨੂੰ 1000 ਰੁਪਏ ਮਿਲੇ, ਨਾ ਕਿਸੇ ਨੂੰ ਨੌਕਰੀ ਮਿਲੀ। ਜਿਹੜੀ ਕਣਕ ਪਹਿਲਾਂ ਮਿਲਦੀ ਸੀ ਉਹ ਵੀ ਘਟਾ 10 ਕਿਲੋ ਤੋਂ ਘਟਾ ਦਿੱਤੀ ਗਈ ਅਤੇ ਹੁਣ ਸਿਰਫ 5 ਕਿਲੋ ਆਟਾ ਹੀ ਦਿੱਤਾ ਜਾ ਰਿਹਾ ਹੈ। ਪਿੰਡਾਂ ਦੀਆਂ ਬੀਬੀਆਂ ਦੱਸਦੀਆਂ ਹਨ ਕਿ ਇਕ ਹਫਤੇ ਤੋਂ ਬਾਅਦ ਉਹ ਆਟਾ ਖਰਾਬ ਹੋ ਜਾਂਦਾ ਹੈ, ਜਿਸ ਵਿਚ ਜੀਅ ਪੈ ਜਾਂਦੇ ਹਨ ਅਤੇ ਖਾਣਯੋਗ ਵੀ ਨਹੀਂ ਰਹਿੰਦਾ। ਮੁੱਖ ਮੰਤਰੀ ਦੀ ਕੋਠੀ ਅੱਗੇ ਕਿਸਾਨ ਕੁੱਟੇ, ਅਧਿਆਪਕ ਕੁੱਟੇ ਜਾ ਰਹੇ ਹਨ। ਮੁੱਖ ਮੰਤਰੀ ਪੰਜਾਬ ਦਾ ਜਹਾਜ ਪੰਜਾਬ ਲਈ ਨਹੀਂ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਲਈ ਵਰਤਦੇ ਹਨ। ਰਸਤੇ ਵਿਚ ਜਾਂਦੀਆਂ ਔਰਤਾਂ ਦੀਆਂ ਬਾਲੀਆਂ ਅਤੇ ਚੈਨੀਆਂ ਸ਼ਰੇਆਮ ਖੋਹੀਆਂ ਜਾਂਦੀਆਂ ਹਨ। ਇੱਕ ਔਰਤ ਇਕ ਗਲੀ ਤੋਂ ਦੂਜੀ ਗਲੀ ਇਕੱਲੀ ਨਹੀਂ ਜਾ ਸਕਦੀ। ਲੋਕਾਂ ਨੂੰ ਪੀਣ ਵਾਲਾ ਪਾਣੀ ਤੱਕ ਨਹੀਂ ਨਸੀਬ ਹੋ ਰਿਹਾ। ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਿਆ ਜੋ ਕਿ ਸ਼ਰੇਆਮ ਧੱਕਾ ਹੈ ਕਿਉਂਕਿ ਦਿੱਲੀ ਪੰਜਾਬ ਦੀ ਰਾਜਧਾਨੀ ਹੈ, ਜੇਕਰ ਕਿਸਾਨ ਦਿੱਲੀ ਨਹੀਂ ਜਾਵੇਗਾ ਤਾਂ ਹੋਰ ਕਿੱਥੇ ਜਾਵੇਗਾ। ਵਿਰੀਤ ਖਹਿਰਾ ਨੇ ਕਿਹਾ ਸਭ ਤੋਂ ਮੰਦਭਾਗੀ ਗੱਲ ਹੈ ਕਿ ਭਾਜਪਾ ਨੇ ਕਿਸਾਨਾਂ ਨੂੰ ਅੱਤਵਾਦੀ ਕਰਾਰ ਦਿੱਤਾ। ਇਸ ਮੌਕੇ ਰਣਜੀਤ ਸਿੰਘ ਤੂਰ, ਵਰਿੰਦਰ ਪੰਨਵਾਂ ਸਾਬਕਾ ਚੇਅਰਮੈਨ, ਸੁਖਮਹਿੰਦਰਪਾਲ ਸਿੰਘ ਤੂਰ, ਨਾਨਕ ਚੰਦ ਨਾਇਕ, ਮਨਜੀਤ ਸਿੰਘ ਸੋਢੀ, ਕੁਲਦੀਪ ਸ਼ਰਮਾ, ਜੀਤ ਖੇੜੀਚੰਦਵਾਂ, ਗੁਰਦੀਪ ਸਿੰਘ ਘਰਾਚੋਂ, ਲਾਲੀ ਸਕਰੌਦੀ, ਹਰਪ੍ਰੀਤ ਸਿੰਘ ਬਾਜਵਾ, ਜਗਤਾਰ ਸਿੰਘ ਮੱਟਰਾਂ, ਬਿੰਦਰ ਸਿੰਘ ਰਟੋਲ, ਰਾਮ ਸਿੰਘ ਭਰਾਜ ਸਮੇਤ ਵੱਡੀ ਗਿਣਤੀ ਵਿਚ ਵਰਕਰ ਹਾਜਰ ਸਨ।
