August 6, 2025
#Uncategorized

ਸੁਤੰਤਰਤਾ ਸੰਗਰਾਮ ਦੌਰਾਨ ਜਾਨਾਂ ਕੁਰਬਾਨ ਕਰਨ ਵਾਲੇ ਯੋਧਿਆਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਨਿੱਘੀ ਸ਼ਰਧਾਂਜਲੀ

ਗੁਰਦਾਸਪੁਰ, 30 ਜਨਵਰੀ (ਲਵਪ੍ਰੀਤ ਸਿੰਘ ਖੁਸ਼ੀਪੁਰ) ਦੇਸ਼ ਦੇ ਸੁਤੰਤਰਤਾ ਸੰਗਰਾਮ ਦੌਰਾਨ ਆਪਣੀਆਂ ਜਾਨਾਂ ਦੇਸ਼ ਕੌਮ ਲਈ ਵਾਰਨ ਵਾਲੇ ਸ਼ਹੀਦਾਂ ਦੀ ਯਾਦ ਵਿੱਚ ਅੱਜ ਸਵੇਰੇ 11:00 ਵਜੇ ਜ਼ਿਲ੍ਹਾ ਸਦਰ ਮੁਕਾਮ ਗੁਰਦਾਸਪੁਰ ਵਿਖੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ, ਕਰਮਚਾਰੀਆਂ, ਪੁਲਿਸ ਜਵਾਨਾਂ ਅਤੇ ਆਮ ਜਨਤਾ ਨੇ 2 ਮਿੰਟ ਦਾ ਮੋਨ ਧਾਰਨ ਕਰਕੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕੀਤੀ। ਸਭ ਤੋਂ ਪਹਿਲਾਂ ਸਵੇਰੇ ਠੀਕ 10:55 ਵਜੇ ਪੁਲਿਸ ਜਵਾਨਾਂ ਵੱਲੋਂ ਹਥਿਆਰ ਉਲਟੇ ਕਰਕੇ ਸ਼ਹੀਦਾਂ ਨੂੰ ਗਾਰਡ ਆਫ਼ ਆਨਰ ਦਿੱਤਾ ਗਿਆ। ਇਸ ਦੌਰਾਨ ਪੁਲਿਸ ਜਵਾਨਾਂ ਵੱਲੋਂ ਬਿਗਲ ਵਜਾਇਆ ਗਿਆ ਅਤੇ ਠੀਕ 11:00 ਵਜੇ 2 ਮਿੰਟ ਲਈ ਮੋਨ ਧਾਰਿਆ ਗਿਆ। ਇਸ ਮੌਕੇ ਹਾਜ਼ਰ ਸਮੂਹ ਅਧਿਕਾਰੀਆਂ , ਕਰਮਚਾਰੀਆਂ ਅਤੇ ਦਫ਼ਤਰਾਂ ਵਿੱਚ ਕੰਮ ਕਰਵਾਉਣ ਆਏ ਲੋਕਾਂ ਵੱਲੋਂ ਵੀ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ। ਰਾਸ਼ਟਰ ਪਿਤਾ ਮਹਾਤਮਾਂ ਗਾਂਧੀ ਜੀ ਦੀ ਤਸਵੀਰ ‘ਤੇ ਸ਼ਰਧਾ ਦੇ ਫੁੱਲ ਅਰਪਿਤ ਕਰਨ ਉਪਰੰਤ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਅਜ਼ਾਦੀ ਸੰਗਰਾਮ ਦੌਰਾਨ ਆਪਣੀ ਜਾਨਾਂ ਨਿਛਾਵਰ ਕਰਨ ਵਾਲੇ ਸਮੂਹ ਸ਼ਹੀਦਾਂ ਦੀ ਕੁਰਬਾਨੀ ਨੂੰ ਕਦੀ ਭੁਲਾਇਆ ਨਹੀਂ ਜਾ ਸਕਦਾ ਅਤੇ ਪੂਰੇ ਦੇਸ਼ ਨੂੰ ਆਪਣੇ ਮਹਾਨ ਸ਼ਹੀਦਾਂ ਉੱਪਰ ਮਾਣ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਅਜ਼ਾਦ ਮੁਲਕ ਦੀ ਫ਼ਿਜ਼ਾ ਵਿੱਚ ਸਾਹ ਲੈ ਰਹੇ ਹਾਂ ਤਾਂ ਇਹ ਉਨ੍ਹਾਂ ਮਹਾਨ ਸ਼ਹੀਦਾਂ ਦੀਆਂ ਸ਼ਹਾਦਤਾਂ ਸਦਕਾ ਹੀ ਸੰਭਵ ਹੋਇਆ ਹੈ। ਉਨ੍ਹਾਂ ਕਿਹਾ ਕਿ ਅੱਜ ਵੀ ਸਾਡੀਆਂ ਸੁਰੱਖਿਆ ਬਲਾਂ ਦੇ ਜਵਾਨ ਦੇਸ਼ ਦੀ ਏਕਤਾ ਤੇ ਅਖੰਡਤਾ ਲਈ ਆਪਣੀ ਕੁਰਬਾਨੀ ਕਰ ਰਹੇ ਹਨ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਕਿਹਾ ਕਿ ਸਾਨੂੰ ਸ਼ਹੀਦਾਂ ਦੇ ਸੁਪਨਿਆਂ ਦਾ ਮੁਲਕ ਸਿਰਜਣ ਵਿੱਚ ਆਪਣਾ ਯੋਗਦਾਨ ਪਾਉਂਦਿਆਂ ਆਪਣੀ ਡਿਊਟੀ ਪੂਰੀ ਇਮਾਨਦਾਰੀ ਤੇ ਨਿਸ਼ਠਾ ਨਾਲ ਨਿਭਾਉਣੀ ਚਾਹੀਦੀ ਹੈ।ਇਸ ਮੌਕੇ ਐੱਸ.ਐੱਸ.ਪੀ. ਗੁਰਦਾਸਪੁਰ ਸ੍ਰੀ ਹਰੀਸ਼ ਦਾਯਮਾ, ਐੱਸ.ਡੀ.ਐੱਮ. ਗੁਰਦਾਸਪੁਰ ਸ੍ਰੀਮਤੀ ਅਮਨਦੀਪ ਕੌਰ ਘੁੰਮਣ, ਸਹਾਇਕ ਕਮਿਸ਼ਨਰ (ਜ) ਇਰਵਿਨ ਕੌਰ, ਡਿਪਟੀ ਡੀ.ਈ.ਓ. ਸ. ਲਖਵਿੰਦਰ ਸਿੰਘ, ਸ. ਹਰਚਰਨ ਸਿੰਘ ਕੰਗ ਜ਼ਿਲ੍ਹਾ ਭੂਮੀ ਰੱਖਿਆ ਅਫ਼ਸਰ ਤੋਂ ਇਲਾਵਾ ਹੋਰ ਵਿਭਾਗਾਂ ਦੇ ਅਧਿਕਾਰੀ ਅਤੇ ਜ਼ਿਲ੍ਹਾ ਸਦਰ ਮੁਕਾਮ ‘ਤੇ ਤਾਇਨਾਤ ਸਟਾਫ਼ ਵੀ ਹਾਜ਼ਰ ਸੀ।

Leave a comment

Your email address will not be published. Required fields are marked *