ਸੂਬਾ ਸਰਕਾਰ ਕਾਰ ਸੇਵਾ ਨੂੰ ਹਰ ਸੰਭਵ ਯੋਗਦਾਨ ਦੇਣ ਲਈ ਤਿਆਰ – ਜੈ ਕ੍ਰਿਸ਼ਨ ਸਿੰਘ ਰੋੜੀ

ਸ੍ਰੀ ਅਨੰਦਪੁਰ ਸਾਹਿਬ (ਨੀਤੂ ਸ਼ਰਮਾ,ਹੇਮਰਾਜ) (ਸਮਸ਼ੇਰ ਸਿੰਘ ਡੂਮੇਵਾਲ)-ਸ੍ਰੀ ਅਨੰਦਪੁਰ ਸਾਹਿਬ-ਗੜ੍ਹਸ਼ੰਕਰ ਮੁੱਖ ਮਾਰਗ ਦੇ ਕਾਰ ਸੇਵਾ ਕਿਲਾ ਅਨੰਦਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਵਲੋਂ ਕਰਵਾਏ ਜਾ ਰਹੇ ਅਧੁਨਿਕ ਰੂਪ ਵਿਚ ਨਿਰਮਾਣ ਦੇ ਮੱਦੇਨਜਰ ਅੱਜ ਡਿਪਟੀ ਸਪੀਕਰ ਪੰਜਾਬ ਵਿਧਾਨ ਸਭਾ ਜੈ ਕ੍ਰਿਸ਼ਨ ਸਿੰਘ ਰੋੜੀ ਉਚੇਚੇ ਤੌਰ ਤੇ ਉਕਤ ਸੇਵਾ ਵਿਚ ਹਿੱਸਾ ਲੈਣ ਲਈ ਪਹੰਚੇ ਅਤੇ ਕਾਰ ਸੇਵਾ ਦੇ ਮੁਖੀ ਬਾਬਾ ਸਤਨਾਮ ਸਿੰਘ ਨਾਲ ਉਚੇਚੇ ਰੂਪ ਵਿਚ ਮੁਲਾਕਾਤ ਕੀਤੀ | ਉਨ੍ਹ ਇਸ ਦੌਰਾਨ ਗੱਲਬਾਤ ਕਰਦਿਆਂ ਕਿਹਾ ਕਿ ਸਰਬੱਤ ਮਾਨਵਤਾ ਦੇ ਭਲੇ ਲਈ ਕਾਰ ਸੇਵਾ ਵਲੋਂ ਅਰੰਭਿਆ ਇਹ ਕਾਰਜ ਵਡਮੁੱਲਾ ਤੇ ਸ਼ਲਾਘਾਯੋਗ ਹੈ | ਸੂਬਾ ਸਰਕਾਰ ਇਸ ਪ੍ਰੋਜੈਕਟ ਨੂੰ ਸੰਪੂਰਨ ਕਰਵਾਉਣ ਹਿਤ ਕਾਰ ਸੇਵਾ ਨੂੰ ਹਰ ਸੰਭਵ ਯੋਗਦਾਨ ਦੇਣ ਲਈ ਤਿਆਰ ਹੈ ਤੇ ਉਹ ਜਲਦ ਹੀ ਇਸ ਸਬੰਧੀ ਮੁੱਖ ਮੰਤਰੀ ਪੰਜਾਬ ਨਾਲ ਗੱਲਬਾਤ ਵੀ ਕਰਨਗੇ ਅਤੇ ਅਗਲੇ ਦਿਨੀ ਮੁੜ ਬਤੌਰ ਸਿੱਖ ਦੇ ਰੂਪ ਵਿਚ ਸੇਵਾ ਵਿਚ ਸ਼ਿਰਕਤ ਕਰਨਗੇ | ਇਸ ਦੌਰਾਨ ਕਾਰ ਸੇਵਾ ਦੇ ਮੁਖੀ ਬਾਬਾ ਸਤਨਾਮ ਸਿੰਘ ਨੇ ਦੱਸਿਆ ਕਿ ਧਾਰਮਿਕ ਅਸਥਾਨਾਂ ਨੂੰ ਜਾਣ ਵਾਲੀ ਇਸ ਮੁੱਖ ਹਾਈਵੇ ਨੂੰ ਚਹੁੰ-ਮਾਰਗੀ ਬਣਾਉਣ ਲਈ ਸਰਕਾਰ ਨੂੰ ਪਹਿਲ ਦੇ ਅਧਾਰਤ ਯਤਨਸ਼ੀਲ ਹੋਣਾ ਚਾਹੀਦਾ ਹੈ | ਬੀਤੇ 16 ਫਰਵਰੀ ਨੂੰ ਅਰੰਭੇ ਇਸ ਮਹਾਨ ਕਾਰਜ ਦੌਰਾਨ ਜਿੱਥੇ ਕਾਹਨਪੁਰ ਖੂਹੀ ਤੋ ਕੁਕੜ ਮਜਾਰਾ ਤੱਕ ਕਰੀਬ 20 ਕਿਲੋਮੀਟਰ ਦੇ ਪੈਂਡੇ ਨੂੰ ਆਲੇ ਦੁਆਲੇ ਤੋਂ ਚੌੜਾ ਕੀਤਾ ਗਿਆ ਹੈ ਉਥੇ ਕਰੀਬ 10 ਕਿਲੋਮੀਟਰ ਜੰਗਲੀ ਤੇ ਪਹਾੜੀ ਖੇਤਰ ਵਿਚ ਮਜੂਦ 22 ਫੁੱਟ ਸੜਕ ਨੂੰ 75 ਤੋਂ 80 ਫੁੱਟ ਤੱਕ ਚੌੜਾ ਕੀਤਾ ਗਿਆ ਹੈ | ਇਸ ਤਹਿਤ ਉੱਚੀਆਂ ਪਹਾੜੀਆਂ, ਜੰਗਲੀ ਤੇ ਖੱਡਿਆਂ ਭਰਪੂਰ ਖੇਤਰ ਨੂੰ ਨਾ ਕੇਵਲ ਗਰੈਮਰ ਪਾ ਕੇ ਸਮਤਲ ਕੀਤਾ ਗਿਆ ਹੈ ਬਲਕਿ ਇਸ ਪ੍ਰੀਕ੍ਰਿਆ ਤਹਿਤ ਪਾਣੀ ਦੀ ਨਿਕਾਸੀ ਲਈ ਕਰੀਬ 5 ਬਰਸਾਤੀ ਖੱਡਿਆਂ ਤੇ 40 ਤੋਂ ਜਿਆਦਾ ਸੀਮੈਟਿਡ ਪਾਇਪਾਂ ਪਾ ਕੇ ਬਰਸਾਤੀ ਪਾਣੀ ਦੇ ਬਚਾਅ ਹਿਤ ਵਡਮੁੱਲਾ ਉਪਰਾਲਾ ਵੀ ਕੀਤਾ ਗਿਆ ਹੈ | ਇਸ ਦੌਰਾਨ ਹੋਰਨਾਂ ਤੋ ਇਲਾਵਾ ਨਿੱਜੀ ਸਹਾਇਕ ਚਰਨਜੀਤ ਸਿੰਘ ਚੰਨੀ, ਮਨਜਿੰਦਰ ਸਿੰਘ ਅਟਵਾਲ, ਨਿਰਮਲ ਸਿੰਘ ਬੌੜਾ, ਦਲਜੀਤ ਖੁਰਦਾ, ਹਰਪਾਲ ਸਿੰਘ ਪਾਲੀ, ਹਰਜਿੰਦਰ ਸਿੰਘ ਬੌੜਾ, ਸੁੱਚਾ ਸਿੰਘ ਰੁੜਕੀ ਆਦਿ ਉਚੇਚੇ ਰੂਪ ‘ਚ ਮਜੂਦ ਸਨ |
