ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਅਤੇ ਪ੍ਰਬੰਧਕੀ ਕਾਰਨਾਂ ਦੇ ਮੱਦੇਨਜ਼ਰ ਵਿਰਸਾ ਉਤਸਵ ਗੁਰਦਾਸਪੁਰ ਹੁਣ 2 ਮਾਰਚ ਨੂੰ ਹੋਵੇਗਾ

ਗੁਰਦਾਸਪੁਰ (ਲਵਪ੍ਰੀਤ ਸਿੰਘ ਖੁਸ਼ੀਪੁਰ) ਪੰਜਾਬ ਸਰਕਾਰ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਦੇ ਸਹਿਯੋਗ ਨਾਲ ਗੁਰਦਾਸਪੁਰ ਵਿਖੇ ਕਰਵਾਇਆ ਜਾਣ ਵਾਲਾ ਵਿਰਸਾ ਉਤਸਵ ਹੁਣ 24 ਫਰਵਰੀ ਦੀ ਬਜਾਏ 2 ਮਾਰਚ 2024 ਨੂੰ ਹੋਵੇਗਾ। ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਫ਼ੈਸਲਾ 24 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਨੂੰ ਹੋਣ ਵਾਲੇ ਸਮਾਗਮਾਂ ਦੇ ਮੱਦੇਨਜ਼ਰ ਜ਼ਿਲ੍ਹਾ ਵਾਸੀਆਂ ਦੀ ਮੰਗ ਅਤੇ ਕੁਝ ਪ੍ਰਬੰਧਕੀ ਕਾਰਨਾਂ ਕਰਕੇ ਲਿਆ ਹੈ। ਹੁਣ ਵਿਰਸਾ ਉਤਸਵ 2 ਮਾਰਚ ਸ਼ਾਮ ਨੂੰ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ ਸਟੇਡੀਅਮ, ਸਰਕਾਰੀ ਕਾਲਜ, ਗੁਰਦਾਸਪੁਰ ਵਿਖੇ ਕਰਵਾਇਆ ਜਾਵੇਗਾ। ਵਿਰਸਾ ਉਤਸਵ ਗੁਰਦਾਸਪੁਰ-2024 ਦੌਰਾਨ ਪ੍ਰਸਿੱਧ ਲੋਕ ਗਾਇਕ ਹਰਭਜਨ ਮਾਨ ਆਪਣੀ ਗਾਇਕੀ ਨਾਲ ਗੁਰਦਾਸਪੁਰੀਆਂ ਦਾ ਮਨੋਰੰਜਨ ਕਰਨਗੇ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ 24 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਦਿਹਾੜਾ ਹੋਣ ਕਾਰਨ ਸੰਗਤਾਂ ਨੇ ਇਹ ਮੰਗ ਕੀਤੀ ਸੀ ਕਿ ਵਿਰਸਾ ਉਤਸਵ ਕਿਸੇ ਹੋਰ ਦਿਨ ਮਨਾਇਆ ਜਾਵੇ। ਉਨ੍ਹਾਂ ਕਿਹਾ ਕਿ ਸੰਗਤ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਅਤੇ ਕੁਝ ਪ੍ਰਬੰਧਕੀ ਕਾਰਨਾਂ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਵਿਰਸਾ ਉਤਸਵ 2 ਮਾਰਚ 2024 ਨੂੰ ਕਰਵਾਇਆ ਜਾਵੇਗਾ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ 2 ਮਾਰਚ ਨੂੰ ਸ਼ਾਮ 4:30 ਵਜੇ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ ਸਟੇਡੀਅਮ, ਗੁਰਦਾਸਪੁਰ ਵਿਖੇ ਵਿਰਸਾ ਉਤਸਵ ਸ਼ੁਰੂ ਹੋਵੇਗਾ। ਉਨ੍ਹਾਂ ਕਿਹਾ ਕਿ ਵਿਰਸਾ ਉਤਸਵ ਦੌਰਾਨ ਪੰਜਾਬ ਦੇ ਲੋਕ ਨਾਚ, ਗਿੱਧਾ ਤੇ ਭੰਗੜਾ ਤੋਂ ਇਲਾਵਾ ਪੰਜਾਬੀ ਲੋਕ ਗਾਇਕੀ ਦੇ ਰੰਗ ਦੇਖਣ ਨੂੰ ਮਿਲਣਗੇ। ਇਸ ਤੋਂ ਬਾਅਦ ਸ਼ਾਮ 6:00 ਵਜੇ ਤੋਂ ਸ਼ਾਮ 8:00 ਵਜੇ ਤੱਕ ਵਿਸ਼ਵ ਪ੍ਰਸਿੱਧ ਲੋਕ ਗਾਇਕ ਹਰਭਜਨ ਮਾਨ ਅਖਾੜਾ ਲਗਾਉਣਗੇ। ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨੇ ਦੱਸਿਆ ਕਿ ਵਿਰਸਾ ਉਤਸਵ ਦੌਰਾਨ ਐਂਟਰੀ ਬਿਲਕੁਲ ਮੁਫ਼ਤ ਹੋਵੇਗੀ ਅਤੇ ਇਸ ਸਬੰਧੀ ਪਾਸ ਜ਼ਿਲ੍ਹਾ ਹੈਰੀਟੇਜ ਸੁਸਾਇਟੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ। ਉਨ੍ਹਾਂ ਕਿਹਾ ਕਿ ਦਰਸ਼ਕਾਂ ਦੇ ਬੈਠਣ ਲਈ ਕੁਰਸੀਆਂ ਆਦਿ ਦਾ ਵਧੀਆ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਜ਼ਿਲ੍ਹਾ ਵਾਸੀਆਂ ਨੂੰ ਵਿਰਸਾ ਉਤਸਵ-2024 ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਹੈ। ਦੱਸਣਯੋਗ ਹੈ ਕਿ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਦੀ ਅਗਵਾਈ ਹੇਠ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਵਿਰਸਾ ਉਤਸਵ ਦਾ ਇਹ ਦੂਸਰਾ ਸੀਜ਼ਨ ਹੈ। ਪਿਛਲੇ ਸਾਲ ਵੀ 11 ਫਰਵਰੀ ਨੂੰ ਸ਼ਹੀਦ ਲੈਫ਼ਟੀਨੈਂਟ ਨਵਦੀਪ ਸਿੰਘ ਸਟੇਡੀਅਮ, ਗੁਰਦਾਸਪੁਰ ਵਿਖੇ ‘ਵਿਰਸਾ ਉਤਸਵ’ ਕਰਵਾਇਆ ਗਿਆ ਸੀ ਜਿਸ ਵਿੱਚ ਪ੍ਰਸਿੱਧ ਸੂਫ਼ੀ ਗਾਇਕ ਕੰਵਰ ਗਰੇਵਾਲ ਨੇ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਸੀ।
