ਸੰਤ ਸੀਚੇਵਾਲ ਵੱਲੋਂ ਲਾਡੀ ਭੁੱਲਰ ਦੀ ਦਸਤਾਵੇਜ਼ੀ ਫ਼ਿਲਮ ‘ਕਬਾੜਨ’ ਦਾ ਪੋਸਟਰ ਰਿਲੀਜ਼

ਸੁਲਤਾਨਪੁਰ ਲੋਧੀ (ਮਲਕੀਤ ਕੌਰ) ਉੱਘੀ ਲੇਖਕਾ ਲਾਡੀ ਭੁੱਲਰ ਦੀ ਲਘੂ ਫ਼ਿਲਮ ‘ਕਬਾੜਨ’ ਦਾ ਪੋਸਟਰ ਨਿਰਮਲ ਕੁਟੀਆ ਪਵਿੱਤਰ ਵੇਈਂ ਸੁਲਤਾਨਪੁਰ ਲੋਧੀ ਵਿਖੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ, ਸਾਹਿਤ ਸਭਾ ਸੁਲਤਾਨਪੁਰ ਲੋਧੀ ਦੇ ਪ੍ਰਧਾਨ ਡਾ. ਸਵਰਨ ਸਿੰਘ, ਐਡ ਰਜਿੰਦਰ ਸਿੰਘ ਰਾਣਾ, ਪ੍ਰਤਾਪ ਸਿੰਘ ਮੋਮੀ ਸ਼ਤਾਬਗੜ੍ਹ,ਅਮਰਜੀਤ ਕੌਰ ਭੁੱਲਰ ਆਦਿ ਵੱਲੋਂ ਰਿਲੀਜ਼ ਕੀਤਾ ਗਿਆ। ਇਸ ਮੌਕੇ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਵੱਲੋਂ ਡਾਇਰੈਕਟਰ ਲਾਡੀ ਭੁੱਲਰ ਨੂੰ ਸਿਰੋਪਾਓ ਪਾ ਕੇ ਸਨਮਾਨ ਕੀਤਾ ਅਤੇ ਕਿਹਾ ਕਿ ਅਜਿਹੇ ਉੱਪਰਲੇ ਸਮਾਜ ਵਿੱਚ ਆ ਚੁੱਕੇ ਨਿਘਾਰ ਨੂੰ ਬਦਲਣ ਲਈ ਸਹਾਈ ਹੁੰਦੇ ਹਨ ਅਤੇ ਲੋਕਾਂ ਨੂੰ ਚੰਗੀ ਸੇਧ ਤੇ ਪ੍ਰੇਰਨਾ ਮਿਲਦੀ ਹੈ। ਉਨ੍ਹਾਂ ਇਸ ਦਸਤਾਵੇਜ਼ੀ ਫ਼ਿਲਮ ਦੇ ਡਾਇਰੈਕਟਰ ਲਾਡੀ ਭੁੱਲਰ ਦੀ ਸ਼ਲਾਘਾ ਕੀਤੀ ਤੇ ਵਧਾਈ ਦਿੱਤੀ। ਸਾਹਿਤ ਸਭਾ ਦੇ ਪ੍ਰਧਾਨ ਡਾ. ਸਵਰਨ ਸਿੰਘ ਨੇ ਕਿਹਾ ਕਿ ਲਾਡੀ ਭੁੱਲਰ ਸਾਹਿਤ ਸਭਾ ਦੀ ਮੈਂਬਰ ਹੈ ਤੇ ਉਹ ਇਸ ਤਰ੍ਹਾਂ ਦੇ ਉਪਰਾਲੇ ਕਰਦੀ ਰਹਿੰਦੀ ਹੈ ਜੋ ਕਿ ਸਾਹਿਤ ਸਭਾ ਦੇ ਲਈ ਵੱਡੇ ਮਾਣ ਤੇ ਖ਼ੁਸ਼ੀ ਵਾਲੀ ਗੱਲ ਹੈ। ਇਸ ਮੌਕੇ ਐਡ ਰਜਿੰਦਰ ਸਿੰਘ ਰਾਣਾ ਨੇ ਦੱਸਿਆ ਕਿ ‘ਕਬਾੜਨ’ ਫ਼ਿਲਮ ਅੱਤ ਦੀ ਗਰੀਬੀ ਨੂੰ ਦਰਸਾਉਂਦੀ ਹੈ । ਉਹਨਾਂ ਕਿਹਾ ਕਿ ਡਾਇਰੈਕਟਰ ਲਾਡੀ ਭੁੱਲਰ ਬਹੁਤ ਦੁੱਖ ਤਕਲੀਫਾਂ ਚੋਂ ਉੱਠ ਕੇ ਇਹੋ ਜਿਹੇ ਉਪਰਾਲੇ ਕਰਨ ਲਈ ਬਹੁਤ ਮੇਹਨਤ ਕਰਦੀ ਹੈ ਤੇ ਉਸ ਦੀ ਮੇਹਨਤ ਨੂੰ ਹੌਲੀ ਹੌਲੀ ਸਫਲਤਾ ਮਿਲ ਰਹੀ ਹੈ। ਇਸ ਮੌਕੇ ਇੰਜ ਪ੍ਰਤਾਪ ਸਿੰਘ ਮੋਮੀ ਨੇ ਫ਼ਿਲਮ ‘ਕਬਾੜਨ’ ਦਾ ਪੋਸਟਰ’ ਰਿਲੀਜ਼ ਹੋਣ ਦੀ ਵਧਾਈ ਦਿੰਦੇ ਹੋਏ ਤੇ ਦੱਸਿਆ ਕਿ ਇਸ ਫ਼ਿਲਮ ਦੀ ਸ਼ੂਟਿੰਗ ਸਾਡੇ ਪਿੰਡ ਸ਼ਤਾਬਗੜ੍ਹ ਵਿੱਚ ਤੇ ਕੁੱਝ ਦਸ਼ਮੇਸ਼ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ ਹੋਈ ਹੈ। ਇਸ ਫ਼ਿਲਮ ਦੀ ਲੇਖਿਕਾ ਤੇ ਡਾਇਰੈਕਟਰ ਲਾਡੀ ਭੁੱਲਰ , ਪ੍ਰੋਡਿਊਸਰ ਅਮਰਜੀਤ ਕੌਰ ਭੁੱਲਰ ,ਐਡੀਟਰ ਡੀ ਕੰਗ ਪ੍ਰੋਡਕਸ਼ਨ (ਆਇਰਲੈਂਡ) ਤੇ ਅਦਾਕਾਰਾਂ ਨੇ ਕਿਰਦਾਰਾਂ ਨੂੰ ਚਾਰ ਚੰਨ ਲਾਏ ਹਨ। ਇਸ ਫ਼ਿਲਮ ਵਿੱਚ ਗਾਇਕ ਭਿੰਦਰ ਰਾਜ, ਹਰਮੇਸ਼ ਕੌਰ ਜੋਧੇ, ਲਾਡੀ ਭੁੱਲਰ, ਜਸਵੀਰ ਕੌਰ ਸ਼ਤਾਬਗੜ੍ਹ, ਹੈਪੀ ਪਧਿਆਣਾ, ਸੰਤੋਖ ਸਿੰਘ ਪਨੂੰ ਅਦਾਕਾਰਾਂ ਨੇ ਵੱਖਰੇ ਵੱਖਰੇ ਕਿਰਦਾਰ ਨਿਭਾਏ ਹਨ।
