ਹਲਕੀ ਬਾਰਿਸ਼ ਕਾਰਨ ਹਰਜੀਤ ਬਸਤੀ ਦੇ ਲੋਕਾਂ ਦਾ ਘਰੋਂ ਨਿਕਲਣਾ ਹੋਇਆ ਮੁਸ਼ਕਲ, ਸੜਕ ਦਾ ਪੱਧਰ ਉੱਚਾ ਕਰਨ ਦੀ ਮੰਗ

ਬੁਢਲਾਡਾ (ਦਵਿੰਦਰ ਸਿੰਘ ਕੋਹਲੀ) ਇਸ ਮੌਸਮ ਦੀ ਪਹਿਲੀ ਹਲਕੀ ਬਰਸਾਤ ਕਾਰਨ ਸਥਾਨਕ ਹਰਜੀਤ ਬਸਤੀ ਦੇ ਲੋਕਾਂ ਦਾ ਘਰਾਂ ਤੋਂ ਬਾਹਰ ਨਿਕਲਣਾ ਔਖਾ ਹੋ ਗਿਆ, ਜਿਸ ਦਾ ਮੁੱਖ ਕਾਰਨ ਹਰਜੀਤ ਬਸਤੀ ਪੰਜਾਬ ਨੈਸ਼ਨਲ ਬੈਂਕ ਦੇ ਪਿੱਛੇ ਦੀਆਂ ਦੋ ਗਲੀਆਂ ਦੀ ਸੜਕ ਦਾ ਪੱਧਰ ਆਲੇ ਦੁਆਲੇ ਦੀਆਂ ਸੜਕਾਂ ਉੱਚੀਆਂ ਚੁੱਕਣ ਨਾਲ ਨੀਵਾਂ ਹੋ ਗਿਆ ਹੈ। ਪੀੜਤ ਲੋਕਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਗਲੀ ਦੇ ਨਾਲ ਲੱਗਦੀ ਸਿਨੇਮਾ ਰੋਡ, ਪੀ.ਐਨ.ਬੀ ਰੋਡ ਦੀ ਸੜਕ ਦਾ ਪੱਧਰ ਉਨ੍ਹਾਂ ਦੀ ਗਲੀ ਨਾਲੋਂ ਦੋ-ਢਾਈ ਫੁੱਟ ਉੱਚਾ ਚੁੱਕ ਦਿੱਤਾ ਹੈ ਅਤੇ ਹੁਣ ਸਾਈਡ ਵਾਲੀ ਗਲੀ ਵੀ ਉੱਚੀ ਕਰ ਦਿੱਤੀ ਹੈ, ਜਿਸ ਕਾਰਨ ਉਨ੍ਹਾਂ ਦੀ ਗਲੀ ਹੋਰ ਸੜਕਾਂ ਨਾਲੋਂ ਬਹੁਤ ਨੀਵੀਂ ਹੋਣ ਕਾਰਨ ਥੋੜੀ ਜਿਹੀ ਬਾਰਿਸ਼ ਨਾਲ ਵੀ ਇਹ ਸਮੁੰਦਰ ਦਾ ਰੂਪ ਲੈ ਲੈਂਦੀ ਹੈ। ਜਿਸ ਕਾਰਨ ਲੋਕ ਘਰਾਂ ਤੋਂ ਬਾਹਰ ਨਹੀਂ ਨਿਕਲਣਾ ਮੁਸ਼ਕਿਲ ਹੋ ਜਾਂਦਾ ਹੈ। ਉਨ੍ਹਾਂ ਕਿਹਾ ਕਿ ਸਿਆਸੀ ਲੋਕ ਅਤੇ ਸਬੰਧਤ ਕੌਂਸਲਰ ਵੋਟਾਂ ਵੇਲੇ ਵੱਡੇ ਵੱਡੇ ਦਾਅਵੇ ਕਰਕੇ ਵੋਟਾਂ ਬਟੋਰ ਲੈਂਦੇ ਹਨ ਫਿਰ ਬਾਅਦ ਵਿੱਚ ਕਿਸੇ ਵੀ ਸਮੱਸਿਆ ਦਾ ਹੱਲ ਨਹੀਂ ਕਰਦੇ। ਉਨ੍ਹਾਂ ਸਥਾਨਕ ਵਿਧਾਇਕ, ਸਿਵਲ ਪ੍ਰਸ਼ਾਸਨ ਅਤੇ ਨਗਰ ਕੌਂਸਲ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਗਲੀ ਨੂੰ ਤੁਰੰਤ ਹੋਰ ਸੜਕਾਂ ਦੇ ਬਰਾਬਰ ਬਣਾਇਆ ਜਾਵੇ ਤਾਂ ਜੋ ਆਉਣ ਵਾਲੇ ਬਰਸਾਤ ਦੇ ਮੌਸਮ ਤੋਂ ਉਨ੍ਹਾਂ ਨੂੰ ਰਾਹਤ ਮਿਲ ਸਕੇ।
