ਹਵਾ ਦੇ ਪ੍ਰਦੂਸ਼ਣ ਨਾਲ ਭਾਰਤ ਵਿੱਚ 23 ਲੱਖਾਂ ਮੌਤਾਂ ਹੋਣੀਆਂ ਚਿੰਤਜਨਕ – ਸੰਤ ਸੀਚੇਵਾਲ

ਸੁਲਤਾਨਪੁਰ ਲੋਧੀ (ਮਲਕੀਤ ਕੌਰ) ਵਾਤਾਵਰਨ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹਵਾ ਦੇ ਪ੍ਰਦੂਸ਼ਣ ਕਾਰਨ ਸਾਲ 2021 ਵਿੱਚ ਹੋਈਆਂ 23 ਲੱਖ ਮੌਤਾਂ ਨੂੰ ਵੱਡੀ ਚਿੰਤਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਯੂਨੀਸੇਫ਼ ਨਾਲ ਸਾਂਝੇ ਤੌਰ ’ਤੇ ਖੋਜ ਸੰਸਥਾ ਹੈਲਥ ਇਫੈਕਟਸ ਇੰਸਟੀਚਿਊਟ ਨੇ ਜਿਹੜੀ ਰਿਪੋਰਟ ਜਾਰੀ ਕੀਤੀ ਹੈ ਉਹ ਬਹੁਤ ਹੀ ਚਿੰਤਾਜਨਕ ਹੈ। ਹਵਾ ਦੇ ਪ੍ਰਦੂਸ਼ਣ ਕਾਰਨ ਭਾਰਤ ਵਰਗੇ ਮੁਲਕ ਵਿੱਚ ਏਨੀ ਵੱਡੀ ਗਿਣਤੀ ਵਿੱਚ ਮੌਤਾਂ ਹੋਣੀਆਂ ਭਵਿੱਖ ਵਾਸਤੇ ਵੱਡਾ ਖਤਰਾ ਵੀ ਹਨ। ਜ਼ਿਕਰਯੋਗ ਹੈ ਕਿ ਅਮਰੀਕਾ ਦੀ ਸੁਤੰਤਰ ਖੋਜ ਸੰਸਥਾ ਐਚ.ਈ.ਆਈ (ਹੈਲਥ ਇਫੈਕਟਸ ਇੰਸਟੀਚਿਊਟ) ਨੇ ਯੂਐਨਓ ਦੀ ਸੰਸਥਾ ਯੂਨੀਸੇਫ ਨਾਲ ਰਲ ਕੇ ਜਿਹੜੀ ਰਿਪੋਰਟ ਦੁਨੀਆਂ ਸਾਹਮਣੇ ਰੱਖੀ ਹੈ ਉਹ ਵਾਤਾਵਰਨ ਦੇ ਪੱਖ ਤੋਂ ਬੜੀ ਡਰਾਉਣੀ ਹੈ। ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਾਲ 2021 ਵਿੱਚ ਹਵਾ ਦੇ ਪ੍ਰਦੂਸ਼ਣ ਕਾਰਨ ਪੂਰੀ ਦੁਨੀਆ ਵਿੱਚ 81 ਲੱਖ ਮੌਤਾਂ ਹੋਈਆਂ ਸਨ। ਇੰਨ੍ਹਾਂ ਵਿੱਚੋਂ ਇੱਕਲੇ ਭਾਰਤ ਵਿੱਚ ਹੀ 23 ਲੱਖ ਲੋਕ ਹਵਾ ਦੇ ਪ੍ਰਦੂਸ਼ਣ ਕਾਰਨ ਮੌਤ ਦੇ ਮੂੰਹ ਵਿੱਚ ਚਲੇ ਗਏ ਸਨ। ਜਦ ਕਿ ਚੀਨ ਵਿੱਚ 21 ਲੱਖ ਮੌਤਾਂ ਹੋਈਆਂ ਸਨ। ਸੰਤ ਬਲਬੀਰ ਸਿੰਘ ਸੀਚੇਵਾਲ ਨੇ ਹਵਾ ਦੇ ਪ੍ਰਦੂਸ਼ਣ ਦੀ ਤੁਲਨਾ ਦੈਂਤ ਨਾਲ ਕਰਦਿਆ ਕਿਹਾ ਕਿ ਹਵਾ ਦੇ ਪ੍ਰਦੂਸ਼ਣ ਦੀ ਮਾਰ ਸਭ ਤੋਂ ਵੱਧ ਬੱਚਿਆ ਤੇ ਵੀ ਪੈ ਰਹੀ ਹੈ। ਉਨ੍ਹਾਂ ਦੱਸਿਆ ਕਿ ਇਸੇ ਰਿਪੋਰਟ ਵਿੱਚ ਖੁਲਾਸਾ ਕੀਤਾ ਗਿਆ ਹੈ ਕਿ ਹਵਾ ਦੇ ਪ੍ਰਦੂਸ਼ਣ ਦੀ ਤਾਬ ਨਾ ਝੱਲਦਿਆ ਹੋਇਆ ਪੰਜ ਸਾਲ ਤੋਂ ਘੱਟ ਉਮਰ ਦੇ 1 ਲੱਖ 69 ਹਜ਼ਾਰ 400 ਬੱਚੇ ਮੌਤ ਦੇ ਮੂੰਹ ਵਿੱਚ ਚਲੇ ਗਏ ਸਨ। ਸੰਤ ਸੀਚੇਵਾਲ ਨੇ ਦੱਸਿਆ ਕਿ ਵਿਕਸਤ ਦੇਸ਼ ਜਿੰਨ੍ਹਾਂ ਵਿੱਚ ਅਮਰੀਕਾ, ਰੂਸ, ਚੀਨ ਫਰਾਂਸ ਵਰਗੇ ਮੁਲਕ ਆਉਂਦੇ ਹਨ। ਇਹ ਦੇਸ਼ ਵਿਕਾਸਸ਼ੀਲ ਦੇਸ਼ਾਂ ਨਾਲੋਂ ਵੱਧ ਹਵਾ ਵਿੱਚ ਪ੍ਰਦੂਸ਼ਣ ਫੈਲਾਉਂਦੇ ਹਨ। ਉਨ੍ਹਾਂ ਕਿਹਾ ਕਿ ਪੈਰਿਸ ਸਮਝੌਤੇ ਵਿੱਚੋਂ ਜਿਸ ਤਰ੍ਹਾਂ ਅਮਰੀਕਾ ਬਾਹਰ ਹੋਇਆ ਸੀ ਉਸ ਦਾ ਅਸਰ ਸਾਰੀ ਦੁਨੀਆਂ ਤੇ ਪੈਂਦਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਵਾ ਦੇ ਪ੍ਰਦੂਸ਼ਣ ਨੂੰ ਘੱਟ ਕਰਨ ਲਈ ਸਭ ਤੋਂ ਵੱਧ ਰੁੱਖ ਲਾਏ ਜਾਣ ਦੀ ਲੋੜ ਹੈ। ਸੰਤ ਸੀਚੇਵਾਲ ਨੇ ਇਸ ਗੱਲ ਤੇ ਦੁੱਖ ਪ੍ਰਗਟਾਇਆ ਕਿ ਇਸ ਵਾਰ ਕਣਕ ਦੀ ਨਾੜ ਨੂੰ ਬੇਤਹਾਸ਼ਾ ਅੱਗ ਲਾਈ ਗਈ ਸੀ ਜਿਸ ਨਾਲ ਵੱਡੀ ਪੱਧਰ ਤੇ ਰੁੱਖ ਸੜ ਗਏ ਸਨ। ਉਨ੍ਹਾਂ ਕਿਹਾ ਕਿ ਆਲਮੀ ਤਪਸ਼ ਪਹਿਲਾਂ ਹੀ ਇੱਕ ਵੱਡੀ ਚਣੌਤੀ ਬਣੀ ਹੋਈ ਹੈ ਤੇ ਇਸ ਰਿਪੋਰਟ ਨੇ ਤਾਂ ਰਹਿੰਦੇ ਸਾਹ ਸਤ ਹੀ ਕੱਢ ਕੇ ਰੱਖ ਦਿੱਤੇ ਹਨ। ਉਨ੍ਹਾਂ ਕਿਹਾ ਕਿ ਮਨੁੱਖ ਵਿੱਚ ਵੱਡੀ ਤੋਂ ਵੱਡੀ ਚਣੌਤੀ ਦਾ ਸਾਹਮਣਾ ਕਰਨ ਦੀ ਸਮਰੱਥਾ ਹੁੰਦੀ ਹੈ ਇਸ ਲਈ ਹਾਂ ਪੱਖੀ ਸੋਚ ਰੱਖਦੇ ਹੋਏ ਇਸ ਨੂੰ ਖਿੜੇ ਮੱਥੇ ਸਵੀਕਾਰਦਿਆ ਵੱਡੀ ਗਿਣਤੀ ਵਿੱਚ ਰੁੱਖ ਲਗਾਉਣ ਦਾ ਪ੍ਰਣ ਕਰਨ ਦੀ ਲੋੜ ਹੈ।
