ਹੱਜ ਦੌਰਾਨ ਤੇਜ਼ ਗਰਮੀ ਨਾਲ ਹੁਣ ਤੱਕ 1301 ਜ਼ਾਇਰੀਨਾਂ ਦੀ ਮੌਤ, 98 ਭਾਰਤੀਆਂ ਦੀ ਵੀ ਹੋ ਚੁੱਕੀ ਹੈ ਮੌਤ
ਇਸ ਸਾਲ ਸਾਊਦੀ ਅਰਬ ਵਿਚ ਹੱਜ ਯਾਤਰਾ ਦੌਰਾਨ ਤੇਜ਼ ਗਰਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ 1301 ਹੋ ਗਈ ਹੈ। ਇਸ ਦੌਰਾਨ 98 ਭਾਰਤੀਆਂ ਦੀ ਵੀ ਮੌਤ ਹੋਈ ਹੈ। ਮਰਨ ਵਾਲਿਆਂ ਵਿਚ ਜ਼ਿਆਦਾਤਰ ਮਿਸਰ ਦੇ ਰਹਿਣ ਵਾਲੇ ਸਨ। ਸਾਊਦੀ ਅਰਬ ਦੇ ਸਿਹਤ ਮੰਤਰੀ ਫਹਦ ਅਲ-ਜਲਾਜੇਲ ਨੇ ਐਤਵਾਰ ਨੂੰ ਦੱਸਿਆ ਕਿ ਜ਼ਾਇਰੀਨਾਂ ਦੀ ਮੌਤ ਬਿਨਾਂ ਆਰਾਮ ਕੀਤਿਆਂ ਧੁੱਪ ’ਚ ਲਗਾਤਾਰ ਲੰਬ ਸਫ਼ਰ ਕਰਨ ਕਰ ਕੇ ਹੋਈ। ਕਈ ਬਜ਼ੁਰਗ ਤੇ ਪੁਰਾਣੀਆਂ ਬਿਮਾਰੀਆਂ ਤੋਂ ਪੀੜਤ ਲੋਕਾਂ ਦੀ ਮੌਤ ਹੋਈ ਹੈ। ਲਗਪਗ 83 ਫ਼ੀਸਦੀ ਮੌਤਾਂ ਉਨ੍ਹਾਂ ਲੋਕਾਂ ਦੀਆਂ ਹੋਈਆਂ ਜਿਹੜੇ ਹੱਜ ਯਾਤਰਾ ਕਰਨ ਲਈ ਅਧਿਕਾਰਤ ਨਹੀਂ ਸਨ। ਸੂਤਰਾਂ ਮੁਤਾਬਕ, ਹੱਜ ’ਚ ਇਸ ਸਾਲ 20 ਲੱਖ ਜ਼ਾਇਰੀਨ ਸ਼ਾਮਲ ਹੋਏ ਸਨ। ਮਰਨ ਵਾਲਿਆਂ ਵਿਚ ਟਿਊਨੀਸ਼ੀਆ, ਜਾਰਡਨ, ਈਰਾਨ ਤੇ ਸੇਨੇਗਲ ਦੇ ਲੋਕ ਵੀ ਸ਼ਾਮਲ ਹਨ। ਸਥਿਤੀ ਦੀ ਜਾਂਚ ਕਰਨ ਵਾਲੀ ਮਿਸਰ ਦੀ ਇਕ ਸੰਕਟ ਇਕਾਈ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਉਸਨੇ 16 ਸੈਲਾਨੀ ਕੰਪਨੀਆਂ ਦੇ ਲਾਇਸੈਂਸ ਮੁਅੱਤਲ ਕਰ ਦਿੱਤੇ ਹਨ ਅਤੇ ਉਨ੍ਹਾਂ ਨੂੰ ਸਰਕਾਰੀ ਵਕੀਲ ਕੋਲ ਭੇਜ ਦਿੱਤਾ ਹੈ। ਉਨ੍ਹਾਂ ’ਤੇ ਮੌਤਾਂ ਲਈ ਜ਼ਿੰਮੇਵਾਰ ਹੋਣ ਦਾ ਦੋਸ਼ ਲਗਾਇਆ ਗਿਆ ਹੈ। ਸੰਕਟ ਇਕਾਈ ਨੇ ਕਿਹਾ ਕਿ ਮਰਨ ਵਾਲੇ ਜ਼ਾਇਰੀਨ ਮੁੱਖ ਰੂਪ ਨਾਲ ਅਧਿਕਾਰਕ ਪ੍ਰਣਾਲੀ ਤਹਿਤ ਪੰਜੀਕਿ੍ਰਤ ਨਾ ਹੋਣ ਵਾਲੇ ਯਾਤਰੀ ਸਨ। ਅਧਿਕਾਰਕ ਤੌਰ ’ਤੇ ਪੰਜੀਕਿ੍ਰਤ ਹੱਜ ਯਾਤਰੀਆਂ ਵਿਚ ਪੁਰਾਣੀ ਬਿਮਾਰੀ ਕਾਰਨ 31 ਮੌਤਾਂ ਹੋਣ ਦੀ ਪੁਸ਼ਟੀ ਕੀਤੀ ਗਈ ਹੈ।
