16 ਫਰਵਰੀ ਦੇ ਭਾਰਤ ਬੰਦ ਅਤੇ ਧਰਨੇ ਦੀਆਂ ਤਿਆਰੀਆਂ ਮੁਕੰਮਲ

ਭਵਾਨੀਗੜ੍ਹ, 13 ਫਰਵਰੀ (ਵਿਜੈ ਗਰਗ) 16 ਫਰਵਰੀ ਦੇ ਭਾਰਤ ਬੰਦ ਅਤੇ ਧਰਨੇ ਦੀਆਂ ਤਿਆਰੀਆਂ ਲਈ ਅੱਜ ਵੱਖ-ਵੱਖ ਕਿਸਾਨ, ਮਜ਼ਦੂਰ, ਮੁਲਾਜ਼ਮ ਅਤੇ ਹੋਰ ਜਥੇਬੰਦੀਆਂ ਦੇ ਆਗੂਆਂ ਦੀ ਅਹਿਮ ਮੀਟਿੰਗ ਮਾਰਕੀਟ ਕਮੇਟੀ ਭਵਾਨੀਗੜ੍ਹ ਵਿਖੇ ਹੋਈ, ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਅਤੇ ਟਰੇਡ ਯੂਨੀਅਨਾਂ ਦੇ ਸੱਦੇ ‘ਤੇ 16 ਫਰਵਰੀ ਨੂੰ ‘ਪੇਂਡੂ ਭਾਰਤ ਬੰਦ ਅਤੇ ਸਨਅਤੀ ਹੜਤਾਲ’ ਨੂੰ ਸਫਲ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਜੱਥੇਬੰਦੀਆਂ ਦੇ ਵੱਖ-ਵੱਖ ਜ਼ੁੰਮੇਵਾਰ ਆਗੂਆਂ ਦੀ ਡਿਊਟੀਆਂ ਲਗਾਈਆਂ ਗਈਆਂ। ਇਸ ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਭਵਾਨੀਗੜ੍ਹ ਵਿੱਚ ਬਲਿਆਲ ਰੋੜ ਕੱਟ ਤੇ ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇ ਉੱਤੇ ਲੋਕਾਂ ਦੇ ਵੱਡੇ ਇਕੱਠ ਕਰਕੇ ਸਵੇਰੇ 8 ਵਜੇ ਤੋਂ ਸ਼ਾਮ 4 ਵਜੇ ਤੱਕ ਟਰੈਫਿਕ ਜਾਮ ਕੀਤਾ ਜਾਵੇਗਾ। ਇਸ ਜਾਮ ਅਤੇ ‘ਭਾਰਤ ਬੰਦ’ ਵਿੱਚ ਮੁਲਾਜ਼ਮ, ਅਧਿਆਪਕ, ਡਰਾਈਵਰ, ਸਨਅਤੀ ਕਾਮੇ ਕਿਸਾਨਾਂ ਨਾਲ ਮਿਲ ਕੇ ਸਾਰੇ ਮਹਿਕਮਿਆਂ ਦੇ ਮੁਲਾਜ਼ਮ ਹੜਤਾਲ ਕਰ ਕੇ ਇਹਨਾਂ ਇਕੱਠਾਂ ਵਿੱਚ ਸ਼ਾਮਲ ਹੋਣਗੇ। ਉਪਰੋਕਤ ਤੋਂ ਇਲਾਵਾ ਵਪਾਰ ਮੰਡਲ ਅਤੇ ਦੁਕਾਨਦਾਰਾਂ ਦੀਆਂ ਜਥੇਬੰਦੀਆਂ ਵੀ ਇਸ ਦਿਨ ਭਾਰਤ ਬੰਦ ਵਿੱਚ ਸ਼ਾਮਲ ਹੋਣਗੀਆਂ ਅਤੇ ਦੁਕਾਨਾਂ ਬੰਦ ਰਹਿਣਗੀਆਂ। ਮੀਟਿੰਗ ਵਿੱਚ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਇਸ ਦਿਨ ਗੈਰ ਜ਼ਰੂਰੀ ਸਫਰ ਕਰਨ ਤੋਂ ਗੁਰੇਜ਼ ਕਰਨ। ਐਂਬੂਲੈਂਸਾਂ, ਬਰਾਤਾਂ, ਮੌਤ ਦੇ ਭੋਗ ਵਗੈਰਾ ਤੇ ਜਾਣ ਵਾਲਿਆਂ ਨੂੰ ਜਾਮ ਤੋਂ ਛੋਟ ਹੋਵੇਗੀ ਅਤੇ ਬਾਕੀ ਹਰ ਕਿਸਮ ਦੀ ਆਵਾਜਾਈ 8 ਘੰਟੇ ਲਈ ਬੰਦ ਰਹੇਗੀ। ਮੀਟਿੰਗ ਨੇ ਸਰਬਸੰਮਤੀ ਨਾਲ ਮਹਿਸੂਸ ਕੀਤਾ ਕਿ ਕੇਂਦਰ ਦੀ ਭਾਜਪਾ ਸਰਕਾਰ ਨੇ ਹਰ ਵਰਗ ਦਾ ਜਿਉਣਾ ਮੁਹਾਲ ਕੀਤਾ ਹੋਇਆ ਹੈ। ਲੋਕਾਂ ਨੂੰ ਧਰਮਾਂ, ਖਿੱਤਿਆਂ ਅਤੇ ਜ਼ਾਤ ਪਾਤ ਦੇ ਨਾਂ ਤੇ ਲੜਾ ਕੇ ਦੇਸ਼ ਵਿੱਚ ਲੋਕਾਂ ਖਿਲਾਫ ਖ਼ਤਰਨਾਕ ਮਾਹੌਲ ਸਿਰਜਿਆ ਜਾ ਰਿਹਾ ਹੈ। ਮਜ਼ਦੂਰਾਂ ਦੀ ਭਲਾਈ ਨਾਲ ਸਬੰਧਿਤ ਕਾਨੂੰਨਾਂ ਦਾ ਖਾਤਮਾ ਕਰਕੇ ਚਾਰ ਲੇਬਰ ਕੋਡ ਬਣਾ ਦਿੱਤੇ ਹਨ। ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਸਕੀਮ ਖਤਮ ਕਰ ਦਿੱਤੀ ਹੈ। ਡਰਾਈਵਰਾਂ ਖਿਲਾਫ ‘ਹਿੱਟ ਐਂਡ ਰਨ’ ਦਾ ਕਾਨੂੰਨ ਬਣਾ ਦਿੱਤਾ ਹੈ। ਕਿਸਾਨਾਂ ਦੀ ਕਰਜ਼ਾ ਮੁਕਤੀ ਅਤੇ ਫ਼ਸਲਾਂ ਦੀ ਘੱਟੋ ਘੱਟ ਸਮਰਥਨ ਮੁਲ ਤੇ ਖਰੀਦ ਦੀ ਗਰੰਟੀ ਤੋਂ ਸਰਕਾਰ ਭੱਜ ਚੁੱਕੀ ਹੈ। ਉਲਟਾ ਹਰ ਕਿਸਮ ਦੇ ਵਿਰੋਧੀ ਵਿਚਾਰ ਨੂੰ ਦਬਾਉਣ ਲਈ ਈਡੀ, ਐੱਨ ਆਈ ਏ, ਸੀ ਬੀ ਆਈ ਅਤੇ ਯੂਏਪੀਏ ਵਗੈਰਾ ਦੀ ਬੇਦਰੇਗ ਵਰਤੋਂ ਕੀਤੀ ਜਾ ਰਹੀ ਹੈ। ਇਸ ਲਈ ਸਾਰੀਆਂ ਜਥੇਬੰਦੀਆਂ ਮੋਦੀ ਸਰਕਾਰ ਦੇ ਹੰਕਾਰ ਨੂੰ ਤੋੜਨ ਅਤੇ ਲੋਕ ਵਿਰੋਧੀ ਨੀਤੀਆਂ ਦਾ ਡੱਟ ਕੇ ਵਿਰੋਧ ਕਰਨ ਲਈ 16 ਫਰਵਰੀ ਨੂੰ ਗੱਜ ਵੱਜ ਕੇ ਭਾਰਤ ਬੰਦ ਨੂੰ ਸਫਲ ਬਣਾਉਣਗੀਆਂ। ਇਸ ਮੌਕੇ ਗੁਰਮੀਤ ਸਿੰਘ ਕਪਿਆਲ ਜ਼ਿਲ੍ਹਾ ਪ੍ਰਧਾਨ ਬੀਕੇਯੂ ਰਾਜੇਵਾਲ, ਕਰਮ ਸਿੰਘ ਬਲਿਆਲ ਬੀਕੇਯੂ ਡਕੌਂਦਾ ਜ਼ਿਲ੍ਹਾ ਪ੍ਰਧਾਨ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਮੁਕੇਸ਼ ਮਲੌਦ, ਡੀਟੀਐੱਫ ਦੇ ਸੂਬਾ ਮੀਤ ਪ੍ਰਧਾਨ ਰਘਵੀਰ ਸਿੰਘ ਭਵਾਨੀਗੜ੍ਹ, ਬੀਕੇਯੂ ਡਕੌਂਦਾ (ਧਨੇਰ) ਦੇ ਬਲਾਕ ਪ੍ਰਧਾਨ ਰਣਧੀਰ ਸਿੰਘ ਭੱਟੀਵਾਲ ਤੇ ਕਰਮਜੀਤ ਸਿੰਘ ਬਾਲਦ ਕਲਾਂ, ਬੀਕੇਯੂ ਉਗਰਾਹਾਂ ਦੇ ਅਜੈਬ ਸਿੰਘ ਲੱਖੇਵਾਲ ਤੇ ਕੁਲਦੀਪ ਸਿੰਘ ਲਾਡੀ ਬਖੋਪੀਰ ਤੋਂ ਇਲਾਵਾ ਗੁਰਮੇਲ ਸਿੰਘ ਭੜੋ, ਜਰਨੈਲ ਸਿੰਘ ਘਰਾਚੋਂ, ਦਰਬਾਰਾ ਸਿੰਘ ਨਾਗਰਾ, ਜਸਪਾਲ ਸਿੰਘ, ਕੁਲਤਾਰ ਸਿੰਘ, ਮਾਲਵਿੰਦਰ ਸਿੰਘ ਤੇ ਗਿਆਨ ਸਿੰਘ ਭਵਾਨੀਗੜ੍ਹ, ਕੁਲਜੀਤ ਸਿੰਘ ਨਾਗਰਾ, ਰੋਹੀ ਸਿੰਘ ਸੰਘਰੇੜੀ, ਬਲਜਿੰਦਰ ਸਿੰਘ ਸੰਘਰੇੜੀ, ਮੁਖਤਿਆਰ ਸਿੰਘ, ਜਸਵਿੰਦਰ ਸਿੰਘ, ਵਿਸ਼ਾਲ ਵਿੱਕੀ ਭਾਮਰੀ ਅਤੇ ਕਰਮਜੀਤ ਸਿੰਘ ਨਦਾਮਪੁਰ ਆਦਿ ਹਾਜ਼ਰ ਸਨ।
