2 ਦੁਕਾਨਾਂ ਦੇ ਜਿੰਦਰੇ ਤੋੜਕੇ ਨਕਦੀ ਅਤੇ ਲੱਖਾਂ ਰੁਪਏ ਦਾ ਸਮਾਨ ਚੋਰੀ

ਭਵਾਨੀਗੜ੍ਹ (ਵਿਜੈ ਗਰਗ) ਸਥਾਨਕ ਨਵੇਂ ਬੱਸ ਅੱਡੇ ਦੇ ਬਿਲਕੁਲ ਸਾਹਮਣੇ ਸਥਿਤ ਦੋ ਦੁਕਾਨਾਂ ਵਿਚੋਂ ਚੋਰਾਂ ਨੇ 16 ਹਜਾਰ ਰੁਪੈ ਦੇ ਕਰੀਬ ਦੀ ਨਗਦੀ ਤੇ ਲੱਖ ਰੁਪੈ ਤੋਂ ਉਪਰ ਦਾ ਸਮਾਨ ਚੋਰੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਸਬੰਧੀ ਜਾਣਕਾਰੀ ਦਿੰਦਿਆਂ ਚੰਡੀਗੜ੍ਹ ਬੈਟਰੀ ਹਾਊਸ ਦੇ ਮਾਲਕ ਦਵਿੰਦਰ ਮੋਦਗਿਲ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਉਸ ਦੀ ਦੁਕਾਨ ਦੇ ਸ਼ਟਰਾਂ ਦੇ ਜਿੰਦੇ ਤੋੜ ਲਏ ਤੇ ਫਿਰ ਉਸ ਦੀ ਦੁਕਾਨ ਤੋਂ ਇੱਕ ਲੱਖ ਰੁਪੈ ਤੋਂ ਵੱਧ ਕੀਮਤ ਦੇ 5 ਵੱਡੇ ਇੰਨਵੈਟਰ ਵਾਲੇ ਬੈਂਟਰੇ ਤੇ 9 ਕਾਰ ਵਾਲੀਆਂ ਬੈਂਟਰੀਆਂ ਤੇ ਕਾਊਂਟਰ ਦੇ ਦਰਾਜ ’ਚ ਪਈ 8200 ਰੁਪੈ ਦੀ ਨਗਦੀ ਚੋਰੀ ਕਰ ਲਈ। ਇਸੇ ਤਰ੍ਹਾਂ ਨਾਲ ਦੇ ਗੁਆਂਢੀ ਦੁਕਾਨਦਾਰ ਕੇਕ ਆਰਟ ਐਂਡ ਡੇਅਰੀ ਪ੍ਰੋਡਕਟ ਦੇ ਮਾਲਕ ਸਤਿੰਦਰ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਚੋਰਾਂ ਨੇ ਉਸ ਦੀ ਦੁਕਾਨ ਦੇ ਵੀ ਜਿੰਦੇ ਤੋੜ ਲਏ ਤੇ ਉਸ ਦੀ ਦੁਕਾਨ ਤੋਂ ਕੋਲਡ ਡਰਿੰਕ, ਚਾਕਲੇਟ ਤੇ ਹੋਰ ਸਮਾਨ ਦੇ ਨਾਲ ਨਾਲ ਕਾਊਂਟਰ ਦੇ ਦਰਾਜ ’ਚ ਪਈ 7 ਤੋਂ 8 ਹਜਾਰ ਰੁਪੈ ਦੀ ਨਗਦੀ ਵੀ ਚੋਰੀ ਕਰ ਲਈ। ਉਸ ਵੱਲੋਂ ਇਹ ਨਗਦੀ ਸਵੇਰੇ ਵੇਰਕਾ ਦੁੱਧ ਦੀ ਪੇਂਮੈਂਟ ਕਰਨ ਲਈ ਰੱਖੀ ਸੀ। ਉਨ੍ਹਾਂ ਦੱਸਿਆ ਕਿ ਇਸ ਘਟਨਾ ’ਚ ਉਸ ਦਾ 15 ਹਜਾਰ ਦੇ ਕਰੀਬ ਦਾ ਨੁਕਸਾਨ ਹੋ ਗਿਆ ਹੈ। ਦੋਵੇ ਦੁਕਾਨਦਾਰਾਂ ਨੇ ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਅਤੇ ਮੌਕੇ ’ਤੇ ਪਹੁੰਚੀ ਪੁਲਸ ਪਾਰਟੀ ਨੇ ਘਟਨਾ ਦਾ ਜਾਇਜਾ ਲਿਆ।
