22 ਮਹੀਨਿਆਂ ਤੋਂ ਮੁੱਖ ਦਫਤਰ ਅੱਗੇ ਚੱਲ ਰਿਹਾ ਰੋਸ ਧਰਨਾ ਜਾਰੀ

ਭਵਾਨੀਗੜ੍ਹ (ਵਿਜੈ ਗਰਗ) ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਪਿਛਲੇ 22 ਮਹੀਨਿਆਂ ਤੋਂ ਧਰਨੇ ਤੇ ਬੈਠੇ ਵੈਟਰਨਰੀ ਏ. ਆਈ. ਵਰਕਰ ਇਕ ਜੁਲਾਈ ਨੂੰ ਜਲੰਧਰ ਵਿਖੇ ਰੋਸ ਪ੍ਰਦਰਸ਼ਨ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਪ੍ਰਧਾਨ ਸਰਬਜੀਤ ਸਿੰਘ ਅਜਨਾਲਾ, ਪ੍ਰੈਸ ਸਕੱਤਰ ਹਰਜੀਤ ਸਿੰਘ ਰੋਪੜ, ਮੀਤ ਪ੍ਰਧਾਨ ਰਛਪਾਲ ਸਿੰਘ ਫਾਜਿਲਕਾ, ਆਸਾ ਰਾਮ ਜਿਲ੍ਹਾ ਪ੍ਰਧਾਨ ਸੰਗਰੂਰ, ਕਾਲਾ ਛਾਜਲਾ, ਮਿੱਠੂ ਬਾਲਦ ਖੁਰਦ, ਗੁਰਪ੍ਰੀਤ ਭੜੋ, ਸਿਮਰਜੀਤ ਬਟਰਿਆਣਾ, ਮਨਦੀਪ ਘਨੌੜ ਸਮੇਤ ਸਮੂੰਹ ਕਮੇਟੀ ਮੈਂਬਰਾਂ ਨੇ ਦੱਸਿਆ ਕਿ ਅਸੀਂ ਆਪਣੀਆਂ ਹੱਕੀ ਤੇ ਜਾਇਜ ਮੰਗਾਂ ਮਨਵਾਉਣ ਲਈ 21 ਸਤੰਬਰ 2022 ਤੋਂ ਮੋਹਾਲੀ ਦੇ ਸੈਕਟਰ 68 ਵਿਚ ਪਸ਼ੂ ਧਨ ਕੰਪਲੈਕਸ ਦੇ ਮੁੱਖ ਗੇਟ ਅੱਗੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਦੇ ਆ ਰਹੇ ਹਾਂ। ਇਸ ਸਮੇਂ ਦੌਰਾਨ ਗੁਰਮੀਤ ਸਿੰਘ ਖੁੱਡੀਆਂ ਕੈਬਨਿਟ ਮੰਤਰੀ ਪਸ਼ੂ ਪਾਲਣ ਵਿਭਾਗ ਪੰਜਾਬ ਨਾਲ ਯੂਨੀਅਨ ਆਗੂਆਂ ਨਾਲ ਅਨੇਕਾਂ ਹੀ ਮੀਟਿੰਗਾਂ ਹੋ ਚੁੱਕੀਆਂ ਹਨ ਪ੍ਰੰਤੂ ਸਾਨੂੰ ਲੱਗਦਾ ਹੈ ਕਿ ਇਹਨਾਂ ਨੂੰ ਆਪਣੀ ਕੁਰਸੀ ਤੋਂ ਬਿਨ੍ਹਾਂ ਹੋਰ ਕੁਝ ਨਹੀਂ ਦਿਖਦਾ ਕਿਉਂਕਿ ਇਹਨਾਂ ਵਲੋਂ ਬੱਸ ਇਹੀ ਕਿਹਾ ਜਾਂਦਾ ਹੈ ਕਿ ਤੁਹਾਡੇ ਮਹਿਕਮੇ ਦਾ ਸੈਕਟਰੀ ਕੰਮ ਨਹੀਂ ਕਰਦੇ ਜੇ ਇਹਨਾਂ ਨੂੰ ਕੋਈ ਪੁੱਛੇ ਕਿ ਮਹਿਕਮੇ ਦਾ ਮਾਲਕ ਕੌਣ ਹੈ। ਇਸੇ ਤਰ੍ਹਾਂ ਪੰਜਾਬ ਸਰਕਾਰ ਦੀ ਸਬ ਕਮੇਟੀ ਨੇ ਸਾਡੇ ਨਾਲ ਚਾਰ ਮੀਟਿੰਗਾਂ ਕੀਤੀਆਂ ਜਿਸਦੀ ਅਗਵਾਈ ਹਰਪਾਲ ਸਿੰਘ ਚੀਮਾ ਵਿੱਤ ਮੰਤਰੀ ਕਰਦੇ ਹਨ। ਉਹਨਾਂ ਨੇ ਮਹਿਕਮੇ ਨੂੰ ਸਾਡੇ ਬਾਰੇ ਆਦੇਸ਼ ਵੀ ਕੀਤੇ ਪ੍ਰੰਤੂ ਉਹ ਆਦੇਸ਼ ਅਜੇ ਤੱਕ ਲਾਗੂ ਹੀ ਨਹੀਂ ਹੋਏ। ਉਹਨਾਂ ਦੱਸਿਆ ਕਿ ਇਕ ਜੁਲਾਈ ਵਾਲੇ ਦਿਨ ਜਲੰਧਰ ਵਿਚ ਇਕ ਲਹਿਰ ਦੀ ਤਰ੍ਹਾਂ ਰੈਲੀ ਕੀਤੀ ਜਾਵੇਗੀ, ਜਿਸ ਵਿਚ ਸਰਕਾਰ ਦੀ ਜੜ੍ਹ ਜਲੰਧਰ ਵਿਚੋਂ ਪੂਰੀ ਤਰ੍ਹਾਂ ਹਿੱਲ ਜਾਵੇਗੀ। ਉਹਨਾਂ ਕਿਹਾ ਕਿ ਜਿਮਨੀ ਚੋਣਾਂ ਵਿਚ ਹੁਣ ਸਾਡੀ ਯੂਨੀਅਨ ਆਪ ਉਮੀਦਵਾਰਾਂ ਦਾ ਸਖਤ ਵਿਰੋਧ ਕਰੇਗੀ। ਅਸੀਂ ਲੋਕ ਸਭਾ ਚੋਣਾਂ ਵਿਚ ਇਹਨਾਂ ਦਾ ਵਿਰੋਧ ਨਾ ਕਰਕੇ ਬਹੁਤ ਵੱਡੀ ਗਲਤੀ ਕੀਤੀ। ਜੇਕਰ ਅਸੀਂ ਇਹਨਾਂ ਦਾ ਵਿਰੋਧ ਕਰਦੇ ਤਾਂ ਇਹਨਾਂ ਨੂੰ 3 ਸੀਟਾਂ ਵੀ ਨਾ ਮਿਲਦੀਆਂ।
