22 ਜਨਵਰੀ ਦੀਵਾਲੀ ਵਾਂਗ ਹੀ ਮਨਾਉਣ ਦੇਸ਼ ਵਾਸੀ – ਮਹੰਤ ਰਾਮ ਦੱਤ ਗਿਰੀ ਜੀ ਮਹਰਾਜ

ਭਵਾਨੀਗੜ੍ਹ, 20 ਜਨਵਰੀ ( ਵਿਜੈ ਗਰਗ ) ਮਹੰਤ ਰਾਮ ਦੱਤ ਗਿਰੀ ਜੀ ਮੁੱਖ ਸੇਵਾਦਾਰ ਮਾਰਕੰਡਾ ਮੰਦਰ ਕਿਊਕਰ ਅਤੇ ਹਨੂੰਮਾਨ ਮੰਦਰ ਦੇਵੀਗੜ ਨੇ ਦੱਸਿਆ ਕਿ 22 ਜਨਵਰੀ ਨੂੰ ਅਯੁੱਧਿਆ ਵਿੱਚ ਰਾਮ ਮੰਦਿਰ ਦੇ ਉਦਘਾਟਨ ਸਮਾਰੋਹ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਉਤਸਾਹ ਪਾਇਆ ਜਾ ਰਿਹਾ ਹੈ। ਰਾਮ ਭਗਤ ਕਈ ਦਿਨਾਂ ਤੋਂ ਲੈ ਕੇ ਅਯੁੱਧਿਆ ਪਹੁੰਚੇ ਹੋਏ ਹਨ ਹਰ ਪਾਸੇ ਭਗਵਾਨ ਰਾਮ ਜੀ ਦੀ ਜੈ ਜੈਕਾਰ ਹੋ ਰਹੀ ਹੈ ਸ਼ਹਿਰਾਂ ਨੂੰ ਦਿਵਾਲੀ ਵਾਂਗ ਸਜਾਇਆ ਜਾ ਰਿਹਾ ਹੈ। ਹਰ ਮਨੁੱਖ ਇਹ ਚਾਹੁੰਦਾ ਹੈ ਕਿ ਉਹ ਭਗਵਾਨ ਰਾਮ ਜੀ ਦੇ ਦਰਸ਼ਨ ਉੱਥੇ ਜਾ ਕੇ ਕਰੇ। ਉਹਨਾਂ ਦੱਸਿਆ ਕਿ ਮੰਦਰਾਂ ਵਿੱਚ ਦੀਪ ਮਾਲਾ, ਸ੍ਰੀ ਸੁੰਦਰ ਕਾਂਡ ਅਤੇ ਰਮਾਇਣ ਜੀ ਦੇ ਪਾਠ ਰਖਵਾਏ ਗਏ ਹਨ ਜਿਨਾਂ ਦੇ 22 ਜਨਵਰੀ ਨੂੰ ਭੋਗ ਪਾਏ ਜਾਣਗੇ। ਇਸ ਉਪਰੰਤ ਭੰਡਾਰੇ ਵੀ ਕੀਤੇ ਜਾਣਗੇ। ਉਨਾਂ ਸਮੂਹ ਸੰਗਤਾਂ ਨੂੰ ਆਪੋ ਆਪਣੇ ਪਿੰਡਾਂ ਦੇ ਮੰਦਿਰਾਂ ਵਿੱਚ ਦੀਪਮਾਲਾ ਕਰਨ ਦੀ ਵੀ ਅਪੀਲ ਕੀਤੀ ਹੈ ਤਾਂ ਜੋ ਅਸੀਂ ਵੀ ਭਗਵਾਨ ਰਾਮ ਚੰਦਰ ਜੀ ਦੀਆਂ ਸ਼ੁਭਕਾਮਨਾਵਾਂ ਪ੍ਰਾਪਤ ਕਰ ਸਕੀਏ। ਇਸ ਦਿਨ ਅਯੋਧਿਆ ਵਿੱਚ ਭਗਵਾਨ ਸ੍ਰੀ ਰਾਮ ਚੰਦਰ ਜੀ ਦੀ ਪਵਿੱਤਰ ਰਸਮ ਦਾ ਆਯੋਜਨ ਕੀਤਾ ਜਾ ਰਿਹਾ ਹੈ ਇਸ ਦਿਨ ਅਯੋਧਿਆ ਵਿੱਚ ਹੋਣ ਵਾਲੇ ਇਸ ਜੋੜ ਮੇਲੇ ਨੂੰ ਲੈ ਕੇ ਦੇਸ਼ ਵਾਸੀਆਂ ਵਿੱਚ ਹੀ ਨਹੀਂ ਸਗੋਂ ਵਿਦੇਸ਼ਾਂ ਵਿੱਚ ਰਹਿੰਦੇ ਰਾਮ ਭਗਤਾਂ ਵਿੱਚ ਵੀ ਭਾਰੀ ਉਤਸਾਹ ਦੇਖਣ ਨੂੰ ਮਿਲ ਰਿਹਾ ਹੈ। ਉਹਨਾਂ ਦੱਸਿਆ ਕਿ ਭਗਵਾਨ ਰਾਮ ਨੇ ਆਪਣਾ ਸਮੁੱਚਾ ਜੀਵਨ ਮਰਿਆਦਾ ਵਿੱਚ ਰਹਿ ਕੇ ਬਤੀਤ ਕੀਤਾ ਇਸ ਲਈ ਉਸ ਦਿਨ ਸਾਨੂੰ ਸਾਰਿਆਂ ਨੂੰ ਭਗਵਾਨ ਰਾਮ ਦੇ ਦਰਸਾਏ ਮਾਰਗ ਤੇ ਚੱਲ ਕੇ ਆਪਣਾ ਜੀਵਨ ਬਤੀਤ ਕਰਨ ਦਾ ਪ੍ਰਣ ਲੈਣਾ ਚਾਹੀਦਾ ਹੈ।
