ਸੰਸਥਾ ਨੂੰ ਵਿਆਹਾਂ ਸਬੰਧੀ ਦਾਨ ਆਇਆ

ਬੁਢਲਾਡਾ-(ਦਵਿੰਦਰ ਸਿੰਘ ਕੋਹਲੀ)-ਸਥਾਨਕ ਸਟੇਟ ਐਵਾਰਡੀ ਸਮਾਜ ਸੇਵੀ ਸੰਸਥਾ ਮਾਤਾ ਗੁਜਰੀ ਜੀ ਭਲਾਈ ਕੇਂਦਰ ਵਲੋਂ 8 ਮਾਰਚ ਨੂੰ ਮਹਿਲਾ ਦਿਵਸ ਅਤੇ ਸ਼ਿਵਰਾਤਰੀ ਵਾਲੇ ਦਿਨ ਵਿਆਹ ਮਹਾਂ ਉਤਸਵ ਦਾਣਾ ਮੰਡੀ ਵਿੱਚ ਕੀਤਾ ਜਾ ਰਿਹਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮਾਸਟਰ ਕੁਲਵੰਤ ਸਿੰਘ ਨੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ 11 ਤੋਂ ਵੱਧ ਲੋੜਵੰਦ ਬੱਚੀਆਂ ਦੇ ਵਿਆਹ ਕੀਤੇ ਜਾਂਦੇ ਹਨ ਜਿਨ੍ਹਾਂ ਨੂੰ ਸਾਰਾ ਘਰੇਲੂ ਲੋੜੀਂਦਾ ਸਮਾਨ ਦਿੱਤਾ ਜਾਂਦਾ ਹੈ। ਦੋ ਸੌ ਲੋੜਵੰਦ ਪਰਿਵਾਰਾਂ ਦੇ ਰਾਸ਼ਨ, ਪੜ੍ਹਾਈ ਖ਼ਰਚ, ਮਰੀਜ਼ਾਂ ਦੇ ਇਲਾਜ, ਮਕਾਨਾਂ ਦੀ ਮੁਰੰਮਤ, ਬੱਚਿਆਂ ਦੀਆਂ ਫ਼ੀਸਾਂ ਭਰਨ ਸਮੇਤ ਅਨੇਕਾਂ ਸਮਾਜ ਭਲਾਈ ਕਾਰਜ ਕੀਤੇ ਜਾ ਰਹੇ ਹਨ ਜੋ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਚੱਲ ਰਹੇ ਹਨ। ਲੋੜਵੰਦ ਪਰਿਵਾਰ 20 ਫਰਵਰੀ ਤੱਕ ਸੰਸਥਾ ਨਾਲ ਸੰਪਰਕ ਕਰ ਸਕਦੇ ਹਨ। ਸੰਸਥਾ ਆਗੂ ਕੁਲਦੀਪ ਸਿੰਘ ਅਨੇਜਾ ਅਤੇ ਕੁਲਵਿੰਦਰ ਸਿੰਘ ਨੇ ਦੱਸਿਆ ਕਿ ਇਸ ਮਹਾਨ ਪੁੰਨ ਦੇ ਕਾਰਜ ਵਿੱਚ ਦਾਨੀ ਸੱਜਣ ਖੁਸ਼ੀ ਨਾਲ ਬਹੁਤ ਸਹਿਯੋਗ ਦੇ ਰਹੇ ਹਨ । ਸ੍ਰ ਚਰਨਜੀਤ ਸਿੰਘ ਝਲਬੂਟੀ ਅਤੇ ਉਹਨਾਂ ਦੀ ਬੇਟੀ ਗਗਨਪ੍ਰੀਤ ਕੋਰ ਨਿਉਜੀਲੈਂਡ ਵਲੋਂ ਇੱਕ ਵਿਆਹ ਦਾ ਪੂਰਾ ਖ਼ਰਚ ਦੇ ਪੰਜਾਹ ਹਜ਼ਾਰ ਰੁਪਏ ਦਾਨ ਦਿੱਤੇ ਗਏ ਜਿਨ੍ਹਾਂ ਨੂੰ ਸੰਸਥਾ ਵਲੋਂ ਸਨਮਾਨਿਤ ਵੀ ਕੀਤਾ ਗਿਆ। ਇਸੇ ਤਰ੍ਹਾਂ ਪਟਿਆਲਾ ਤੋਂ ਹਰਪਾਲ ਸਿੰਘ ਜੀ ਦੀ ਬੇਟੀ ਅਮਨਦੀਪ ਕੌਰ ਅਤੇ ਦਾਮਾਦ ਪਰਮਜੀਤ ਸਿੰਘ ਭੱਲਾ ਵਲੋਂ ਵੀ ਪੰਜਾਹ ਹਜ਼ਾਰ ਰੁਪਏ ਇੱਕ ਵਿਆਹ ਦਾ ਖ਼ਰਚਾ ਭੇਜਿਆ ਗਿਆ ਹੈ ਜੋ ਤਿੰਨ ਹਜ਼ਾਰ ਰੁਪਏ ਮਹੀਨਾ ਵੱਖਰਾ ਫੰਡ ਵੀ ਦਿੰਦੇ ਹਨ। ਇੰਸਪੈਕਟਰ ਗਗਨਪ੍ਰੀਤ ਸਿੰਘ ਸਪੁੱਤਰ ਮਾਸਟਰ ਕੁਲਵੰਤ ਸਿੰਘ ਵਲੋਂ ਵੀ ਵਿਆਹਾਂ ਅਤੇ ਹੋਰ ਕਾਰਜਾਂ ਲਈ ਹਰ ਸਾਲ ਦੀ ਤਰ੍ਹਾਂ ਸਵਾ ਲੱਖ ਰੁਪਏ ਦਾ ਚੈੱਕ ਸੰਸਥਾ ਨੂੰ ਦਾਨ ਦਿੱਤਾ ਗਿਆ। ਸੁਖਦਰਸ਼ਨ ਸਿੰਘ ਕੁਲਾਨਾ ਵਲੋਂ ਪੰਦਰਾਂ ਹਜ਼ਾਰ ਰੁਪਏ ਦਾਨ ਆਇਆ ਹੈ। ਸੰਸਥਾ ਵਲੋਂ ਇਹਨਾਂ ਸਮੇਤ ਸਾਰੇ ਮਹੀਨਾਵਾਰ ਅਤੇ ਸਲਾਨਾ ਫੰਡ ਮੈਂਬਰਾਂ ਦਾ ਤਹਿਦਿਲੋਂ ਧੰਨਵਾਦ ਕੀਤਾ ਜਾਂਦਾ ਹੈ ਅਤੇ ਸਾਰਿਆਂ ਨੂੰ ਇਸ ਵਿਆਹ ਮਹਾਂ ਉਤਸਵ ਮੌਕੇ 8 ਮਾਰਚ ਨੂੰ ਬੁਢਲਾਡਾ ਦੀ ਦਾਣਾ ਮੰਡੀ ਗੋਲ ਚੱਕਰ ਵਿੱਚ ਪਹੁੰਚ ਕੇ ਬੱਚੀਆਂ ਨੂੰ ਅਸ਼ੀਰਵਾਦ ਦੇਣ ਲਈ ਵੀ ਬੇਨਤੀ ਕੀਤੀ ਹੈ।
