ਸ਼ਾਹਕੋਟ ਪੁਲਿਸ ਵੱਲੋਂ ਦੁਕਾਨ ਵਿੱਚੋਂ ਚੋਰੀ ਕਰਨ ਵਾਲੇ ਤਿੰਨ ਚੋਰ ਕਾਬੂ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ) ਨਰਿੰਦਰ ਸਿੰਘ ਔਜਲਾ ਡੀ.ਐਸ.ਪੀ. ਸ਼ਾਹਕੋਟ ਦੀ ਅਗਵਾਈ ‘ਚ ਇੰਸਪੈਕਟਰ ਯਾਦਵਿੰਦਰ ਸਿੰਘ ਐਸ.ਐਚ.ਓ. ਸ਼ਾਹਕੋਟ ਦੀ ਦੇਖ-ਰੇਖ ਹੇਠ ਸ਼ਾਹਕੋਟ ਪੁਲਿਸ ਵੱਲੋਂ ਪਿੰਡ ਬੱਗਾ ਵਿਖੇ 29-30 ਜਨਵਰੀ ਦੀ ਦਰਮਿਆਨੀ ਰਾਤ ਦੁਕਾਨ ਵਿੱਚੋਂ ਕੰਧ ਨੂੰ ਸੰਨ ਲਗਾਕੇ ਚੋਰੀ ਕਰਨ ਵਾਲੇ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਹੈ।ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆ ਇੰਸਪੈਕਟਰ ਯਾਦਵਿੰਦਰ ਸਿੰਘ ਐਸ.ਐਚ.ਓ. ਸ਼ਾਹਕੋਟ ਨੇ ਦੱਸਿਆ ਕਿ ਬੀਤੀ 4 ਫਰਵਰੀ ਨੂੰ ਅਮਰਜੀਤ ਸਿੰਘ ਪੁੱਤਰ ਜੋਗਿੰਦਰ ਸਿੰਘ ਵਾਸੀ ਫਾਜਲਵਾਲ (ਸ਼ਾਹਕੋਟ) ਨੇ ਪੁਲਿਸ ਨੂੰ ਇਤਲਾਹ ਦਿੱਤੀ ਕਿ ਉਹ ਮਿਤੀ 29 ਜਨਵਰੀ ਨੂੰ ਰੋਜ਼ਾਨਾਂ ਦੀ ਤਰ੍ਹਾਂ ਆਪਣੀ ਦੁਕਾਨ ਤੋਂ ਕੰਮ ਖਤਮ ਕਰਕੇ ਦੁਕਾਨ ਦੇ ਸ਼ਟਰ ਨੂੰ ਤਾਲਾ ਲਗਾਕੇ ਆਪਣੇ ਘਰ ਚਲਾ ਗਿਆ, ਜਦ 30 ਜਨਵਰੀ ਨੂੰ ਸਵੇਰੇ ਦੁਕਾਨ ਤੇ ਆ ਕੇ ਸ਼ਟਰ ਖੋਲ ਕੇ ਦੇਖਿਆ ਤਾਂ ਦੁਕਾਨ ਦੇ ਪਿੱਛਲੇ ਪਾਸਿਓ ਕੁੱਝ ਨਾ ਮਲੂਮ ਵਿਅਕਤੀ ਕੰਧ ਨੂੰ ਸੰਨ ਲਗਾਕੇ ਦੁਕਾਨ ਵਿੱਚ ਪਿਆ ਵੈਲਡਿੰਗ ਦਾ ਸਮਾਨ ਚੋਰੀ ਕਰਕੇ ਲੈ ਗਏ ਸਨ, ਜਿਸ ਵਿੱਚ ਤਿੰਨ ਵੈਲਡਿੰਗ ਵਾਲੀਆ ਲੀਡਾ, ਲੋਹੇ ਦੀ ਹਲਟੀ, ਇੱਕ ਗਰੈਂਡਰ, ਦੋ ਛੋਟੀਆ ਡਰਿੱਲਾ, ਟੂਲ ਕਿੱਟ, ਇੱਕ ਲੋਹੇ ਦਾ ਰੇਲ ਦਾ ਟੁਕੜਾ ਚੋਰੀ ਹੋ ਚੁੱਕਾ ਸੀ। ਉਨ੍ਹਾਂ ਦੱਸਿਆ ਕਿ ਪੁਲਿਸ ਵੱਲੋਂ ਦੁਕਾਨ ਮਾਲਕ ਦੇ ਬਿਆਨਾ ਤੇ ਮੁਕੱਦਮਾ ਦਰਜ ਕੀਤਾ ਗਿਆ ਤਾਂ ਏ.ਐਸ.ਆਈ. ਪੂਰਨ ਸਿੰਘ ਥਾਣਾ ਸ਼ਾਹਕੋਟ ਨੇ ਤਫ਼ਤੀਸ਼ ਸ਼ੁਰੂ ਕੀਤੀ, ਜਿਸ ਦੌਰਾਨ ਪੁਲਿਸ ਪਾਰਟੀ ਵੱਲੋਂ ਦੁਕਾਨ ਵਿੱਚ ਚੋਰੀ ਕਰਨ ਵਾਲੇ ਵਿਅਕਤੀ ਵਿਜੈ ਕੁਮਾਰ ਪੁੱਤਰ ਬਿੰਦਰ ਉਰਫ਼ ਨੈਲੋ ਵਾਸੀ ਪਿੰਡ ਬੱਗਾ, ਗਗਨਦੀਪ ਉਰਫ਼ ਗੱਗੂ ਪੁੱਤਰ ਸਤਪਾਲ ਵਾਸੀ ਫਾਜਲਵਾਲ, ਅਸ਼ਨੂਕ ਮਸੀਹ ਉਰਫ਼ ਅਮਲੀ ਪੁੱਤਰ ਐਜਕ ਸਮੀਹ ਵਾਸੀ ਬੱਗਾ ਨੂੰ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦੋਸ਼ੀਆਂ ਪਾਸੋਂ ਚੋਰੀ ਕੀਤਾ ਗਿਆ ਕੁੱਝ ਸਮਾਨ ਬ੍ਰਾਮਦ ਹੋਇਆ ਹੈ ਅਤੇ ਇਨ੍ਹਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਤਿੰਨ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਪਾਸੋਂ ਪੁੱਛ-ਗਿੱਛ ਦੌਰਾਨ ਇਲਾਕੇ ਵਿੱਚ ਹੋਈਆ ਚੋਰੀਆਂ ਸਬੰਧੀ ਹੋਰ ਵੀ ਅਹਿਮ ਸੁਰਾਗ ਮਿਲਣ ਦੀ ਆਸ ਹੈ।
