August 7, 2025
#National

ਐਮ.ਪੀ. ਸਿਮਰਨਜੀਤ ਸਿੰਘ ਮਾਨ ਵੱਲੋਂ ਕਰਵਾਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਕੇ ਝੂਠੀ ਵਾਹਵਾਹੀ ਖੱਟ ਰਹੀ ਹੈ ਐਮ.ਐਲ.ਏ. ਭਰਾਜ – ਸੰਧੂ

ਭਵਾਨੀਗੜ੍ਹ (ਵਿਜੈ ਗਰਗ) ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਪਿਛਲੇ ਡੇਢ ਸਾਲ ਦੇ ਕਾਰਜਕਾਲ ਦੌਰਾਨ ਕੀਤੇ ਕੰਮਾਂ ਦੀ ਜਾਣਕਾਰੀ ਦੇਣ ਲਈ ਅਤੇ ਹਲਕਾ ਸੰਗਰੂਰ ਦੀ ਮੌਜੂਦਾ ਵਿਧਾਇਕਾ ਬੀਬੀ ਨਰਿੰਦਰ ਕੌਰ ਭਰਾਜ ਵੱਲੋਂ ਝੂਠੀ ਵਾਹਵਾਹੀ ਖੱਟਣ ਲਈ ਚੱਲੀਆਂ ਜਾ ਰਹੀਆਂ ਸਿਆਸੀ ਚਾਲਾਂ ਤੋਂ ਪਰਦਾ ਚੁੱਕਣ ਲਈ ਅੱਜ ਪਾਰਟੀ ਦੇ ਜਥੇਬੰਦਕ ਸਕੱਤਰ ਸ. ਗੋਵਿੰਦ ਸਿੰਘ ਸੰਧੂ ਨੇ ਸਥਾਨਕ ਬਲਿਆਲ ਰੋਡ ‘ਤੇ ਪ੍ਰੈਸ ਕਾਨਫਰੰਸ ਕੀਤੀ |
ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਸ. ਸੰਧੂ ਨੇ ਦੱਸਿਆ ਕਿ ਪੰਜਾਬ ਵਿਚਲੀ ਆਮ ਆਦਮੀ ਪਾਰਟੀ ਦੀ ਹਲਕਾ ਸੰਗਰੂਰ ਤੋਂ ਵਿਧਾਇਕ ਬੀਬੀ ਨਰਿੰਦਰ ਕੌਰ ਭਰਾਜ ਹਲਕੇ ਦੇ ਵਿਕਾਸ ਕਾਰਜ ਕਰਵਾ ਕੇ ਲੋਕਾਂ ਦਾ ਦਿਲ ਜਿੱਤਣ ਦੀ ਬਜਾਏ ਝੂਠੀ ਵਾਹਵਾਹੀ ਖੱਟਣ ਲਈ ਹੇਠਲੇ ਪੱਧਰ ਦੀ ਰਾਜਨੀਤੀ ‘ਤੇ ਉੱਤਰ ਆਈ ਹੈ, ਜਿਸਦੇ ਤਹਿਤ ਵਿਧਾਇਕਾ ਬੀਬੀ ਭਰਾਜ ਵੱਲੋਂ ਐਮ.ਪੀ. ਲੈਂਡ ਦੀ ਗ੍ਰਾਂਟ ਤਹਿਤ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਕਰਵਾਏ ਜਾ ਰਹੇ ਵਿਕਾਸ ਕਾਰਜਾਂ ‘ਤੇ ਪੰਜਾਬ ਸਰਕਾਰ ਦੀ ਮੋਹਰ ਲਗਾਉਣ ਲਈ ਧੱਕੇ ਨਾਲ ਉਦਘਾਟਨ ਕਰਨੇ ਸ਼ੁਰੂ ਕਰ ਦਿੱਤੇ ਗਏ ਹਨ, ਜਿਸ ਕਾਰਨ ਸਬੰਧਤ ਪਿੰਡਾਂ ਦੇ ਲੋਕਾਂ ਵਿੱਚ ਵਿਧਾਇਕਾ ਸੰਗਰੂਰ ਦੀ ਇਸ ਕਾਰਵਾਈ ਪ੍ਰਤੀ ਕਾਫੀ ਨਰਾਜਗੀ ਪਾਈ ਜਾ ਰਹੀ ਹੈ | ਸ. ਸੰਧੂ ਨੇ ਦੱਸਿਆ ਕਿ ਬੀਤੇ ਦਿਨੀਂ ਬੀਬੀ ਭਰਾਜ ਵੱਲੋਂ ਪਿੰਡ ਭੱਟੀਵਾਲ ਦੇ ਸਰਪੰਚ ਸਮੇਤ ਅਨੇਕਾਂ ਨੌਜਵਾਨਾਂ ਨੂੰ ਘਰਾਂ ਵਿੱਚ ਨਜਰਬੰਦ ਕਰਵਾ ਕੇ ਧੱਕੇ ਨਾਲ ਪੰਚਾਇਤ ਘਰ ਦਾ ਉਦਘਾਟਨ ਕੀਤਾ ਗਿਆ, ਜਦੋਂਕਿ ਉਪਰੋਕਤ ਥਾਂ ‘ਤੇ ਪਾਰਕ ਦੇ ਨਿਰਮਾਣ ਦਾ ਕੰਮ ਐਮ.ਪੀ. ਲੈਂਡ ਸਕੀਮ ਤਹਿਤ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਦਿੱਤੀ ਗਈ ਗ੍ਰਾਂਟ ਨਾਲ ਚੱਲ ਰਿਹਾ ਹੈ, ਜੋ ਅਜੇ ਮੁੰਕਮਲ ਹੋਣਾ ਬਾਕੀ ਹੈ | ਇੱਥੇ ਵਰਨਣਯੋਗ ਹੈ ਕਿ ਇਸ ਤੋਂ ਪਹਿਲਾ ਸੰਗਰੂਰ ਨੇੜਲੇ ਪਿੰਡ ਨਾਨਕਪੁਰਾ (ਜੁਲਮਗੜ੍ਹ) ਵਿਖੇ ਵੀ ਐਮ.ਪੀ. ਲੈਂਡ ਸਕੀਮ ਤਹਿਤ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਲੱਖਾਂ ਰੁਪਏ ਦੀ ਲਾਗਤ ਨਾਲ ਪਾਣੀ ਵਾਲੀ ਟੈਂਕੀ ਬਣਵਾਈ ਗਈ ਸੀ | ਪੰਚਾਇਤ ਵੱਲੋਂ ਬਕਾਇਦਾ ਉਦਘਾਟਨ ਲਈ ਐਮ.ਪੀ. ਸੰਗਰੂਰ ਤੋਂ ਸਮਾਂ ਵੀ ਮੰਗਿਆ ਗਿਆ ਸੀ ਪਰ ਉੱਥੇ ਵੀ ਧੱਕੇ ਨਾਲ ਹਲਕਾ ਵਿਧਾਇਕ ਵੱਲੋਂ ਉਦਘਾਟਨ ਕੀਤਾ ਗਿਆ | ਇਸ ਤੋਂ ਇਲਾਵਾ ਹਲਕੇ ਵਿੱਚ ਹੋਰਨਾਂ ਥਾਵਾਂ ‘ਤੇ ਵੀ ਜਿੱਥੇ ਐਮ.ਪੀ. ਲੈਂਡ ਤਹਿਤ ਐਮ.ਪੀ. ਸੰਗਰੂਰ ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਵਿਕਾਸ ਕਾਰਜਾਂ ਲਈ ਗ੍ਰਾਂਟ ਦਿੱਤੀ ਗਈ ਹੈ, ਉਨ੍ਹਾਂ ਉਪਰ ਪੰਜਾਬ ਸਰਕਾਰ ਦੀ ਮੋਹਰ ਲਗਾਉਣ ਦੀ ਕੋਸ਼ਿਸ਼ ਕਰਕੇ ਹੇਠਲੇ ਪੱਧਰ ਦੀ ਸਿਆਸਤ ਕੀਤੀ ਜਾ ਰਹੀ ਹੈ | ਸ. ਸੰਧੂ ਨੇ ਐਮਪੀ ਸਿਮਰਨਜੀਤ ਮਾਨ ਵੱਲੋਂ ਹਲਕਾ ਭਵਾਨੀਗੜ੍ਹ ਵਿੱਚ ਕਰਵਾਏ ਜਾ ਰਹੇ ਵੱਖ ਵੱਖ ਕੰਮਾਂ ਬਾਰੇ ਵਿਸਥਾਰਪੁਰਵਕ ਜਾਣਕਾਰੀ ਵੀ ਦਿੱਤੀ। ਸ. ਸੰਧੂ ਨੇ ਦੱਸਿਆ ਕਿ ਜਲਦੀ ਹੀ ਸ਼ਹਿਰ ਦੀ ਟਰੈਫਿਕ ਨਾਲ ਸਬੰਧਤ ਇੱਕ ਹੋਰ ਸਮੱਸਿਆ ਦਾ ਹੱਲ ਹੋਣ ਜਾ ਰਿਹਾ ਹੈ | ਸ. ਸਿਮਰਨਜੀਤ ਸਿੰਘ ਮਾਨ ਵੱਲੋਂ ਸ਼ਹਿਰ ਵਿੱਚੋਂ ਦੀ ਗੁਜਰਦੇ ਹਾਈਵੇ ‘ਤੇ ਰੈਡ ਲਾਈਟਾਂ ਦਾ ਪ੍ਰੋਜੈਕਟ ਵੀ ਕੇਂਦਰ ਸਰਕਾਰ ਤੋਂ ਮੰਜੂਰ ਕਰਵਾ ਲਿਆ ਹੈ | ਉਹਨਾਂ ਦੱਸਿਆ ਕਿ ਭਵਾਨੀਗੜ੍ਹ ਸ਼ਹਿਰ ਦੇ ਵਿੱਚ ਟਰੈਫਿਕ ਸਮੱਸਿਆ ਦੇ ਹੱਲ ਲਈ ਤਿੰਨ ਵੱਖ ਵੱਖ ਥਾਵਾਂ ‘ਤੇ ਰੈਡ ਲਾਈਟਸ ਲਾਉਣ ਦੀ ਮਨਜ਼ੂਰੀ ਕੇਂਦਰ ਸਰਕਾਰ ਤੋਂ ਮਿਲ ਚੁੱਕੀ ਹੈ। ਜਿਸ ਨਾਲ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਵਿੱਚ ਕਾਫੀ ਸੁਧਾਰ ਹੋਵੇਗਾ ਅਤੇ ਲੋਕ ਹਾਦਸਿਆਂ ਦਾ ਸ਼ਿਕਾਰ ਹੋਣ ਤੋਂ ਬਚਣਗੇ | ਇਸ ਮੌਕੇ ਹਲਕਾ ਸੰਗਰੂਰ ਤੋਂ ਜਥੇਬੰਦਕ ਸਕੱਤਰ ਜਥੇਦਾਰ ਗੁਰਨੈਬ ਸਿੰਘ ਰਾਮਪੁਰਾ, ਪਿੰਡ ਭੱਟੀਵਾਲ ਦੇ ਸਰਪੰਚ ਜਸਕਰਨ ਸਿੰਘ, ਤਲਵਿੰਦਰ ਸਿੰਘ ਮਾਨ, ਸੁਖਵਿੰਦਰ ਸਿੰਘ, ਬਲਿਆਲ, ਬਿੱਕਰ ਸਿੰਘ ਚੌਹਾਨ , ਜਸਵਿੰਦਰ ਸਿੰਘ ਕਪਿਆਲ, ਗੁਰਪ੍ਰੀਤ ਸਿੰਘ ਕਪਿਆਲ, ਅਮਨ ਭੱਟੀਵਾਲ, ਹਰਦੀਪ ਸਿੰਘ ਚੰਨੋ, ਹਰਭਜਨ ਸਿੰਘ ਹੈਪੀ, ਸੁਖਬੀਰ ਸਿੰਘ ਆਲੋਅਰਖ, ਲਾਡੀ ਕਪਿਆਲ, ਬੀਬੀ ਸ਼ਿੰਦਰ ਕੌਰ, ਬੀਬੀ ਅੰਗਰੇਜ਼ ਕੌਰ, ਮਾਹੀ ਪ੍ਰਧਾਨ, ਜਸਵਿੰਦਰ ਬਿੰਬੜ, ਸਰਪੰਚ ਰਾਮ ਸਿੰਘ ਭਰਾਜ, ਤਰਸੇਮ ਸਿੰਘ ਕਾਕੜਾ, ਸੁਖਚੈਨ ਸਿੰਘ ਭਵਾਨੀਗੜ੍ਹ , ਜਗਜੀਤ ਸਿੰਘ ਭਵਾਨੀਗੜ੍ਹ , ਮਨਪ੍ਰੀਤ ਸਿੰਘ ਭਵਾਨੀਗੜ੍ਹ, ਜਸਪਾਲ ਸਿੰਘ ਮਾਹੀ ਭਵਾਨੀਗੜ੍ਹ, ਦਫਤਰ ਸਕੱਤਰ ਯਾਦਵਿੰਦਰ ਸਿੰਘ ਤੋਂ ਇਲਾਵਾ ਹੋਰ ਬਹੁਤ ਸਾਰੇ ਆਗੂ ਹਾਜ਼ਰ ਸਨ।

Leave a comment

Your email address will not be published. Required fields are marked *