ਵਿਦਿਆਰਥੀ ਇਨਕਲਾਬੀ ਦੇਸ਼ ਭਗਤਾ ਦੇ ਸੁਪਨਿਆਂ ਨੂੰ ਪੂਰਾ ਕਰਨਗੇ – ਮਾੜੀਮੇਘਾ/ਗੁਰਬਿੰਦਰ ਸਿੰਘ

ਏ ਆਈ ਐਸ ਐਫ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ, ਨਕੋਦਰ ਦੇ ਵਿਦਿਆਰਥੀਆ ਦੀ ਮੀਟਿੰਗ ਕੀਤੀ ਗਈ ।ਮੀਟਿੰਗ ਦੀ ਪ੍ਰਧਾਨਗੀ ਜਸਵਿੰਦਰ ਸਿੰਘ ਲਾਡੀ ਨੇ ਕੀਤੀ ।ਏ ਆਈ ਐਸ ਐਫ ਦੇ ਕੌਮੀ ਕੌਂਸਲ ਮੈਂਬਰ ਲਵਪ੍ਰੀਤ ਮਾੜੀਮੇਘਾ, ਸੂਬਾ ਕੌਂਸਲ ਮੈਂਬਰ ਗੁਰਬਿੰਦਰ ਸਿੰਘ ਪੰਜਾਬ ਯੂਨਿਵਰਸਿਟੀ, ਚੰਡੀਗੜ੍ਹ, ਤੇ ਅਭੀ ਸੰਧੂ ਮਹਿਤਪੁਰ ਵੱਲੋਂ ਸੰਬੋਧਨ ਕਰਦਿਆਂ ਕਿਹਾ ਕਿ ਵਿੱਦਿਆ, ਰੁਜ਼ਗਾਰ, ਸਿਹਤ ਸਹੂਲਤਾਂ ਤੇ ਹੋਰ ਮਨੁੱਖੀ ਜ਼ਰੂਰਤਾਂ ਨੂੰ ਹਰ ਇੱਕ ਦੀ ਪਹੁੰਚ ਤੱਕ ਜਰੂਰੀ ਪਹੁੰਚਣਾ ਲਾਜ਼ਮੀ ਹੈ। ਹਰ ਪੰਜ ਸਾਲ ਬਾਅਦ ਵੋਟਾਂ ਪਾ ਕੇ ਲੋਕ ਸਰਕਾਰ ਨੂੰ ਚੁਣਦੇ ਹਨ ਇਸ ਲਈ ਸਰਕਾਰ ਦਾ ਫ਼ਰਜ਼ ਬਣਦਾ ਹੈ ਕਿ ਹਰ ਇੱਕ ਵਿਦਿਆਰਥੀ ਲਈ ਮੁਫ਼ਤ, ਲਾਜ਼ਮੀ ਤੇ ਵਿਗਿਆਨਿਕ ਸਿੱਖਿਆ ਦਾ ਪ੍ਰਬੰਧ ਕਰੇ ਤਾਂ ਜੋ ਹਰ ਇੱਕ ਨੂੰ ਪੜਾਈ ਦਾ ਮੌਕਾ ਮਿਲ ਸਕੇ। ਪੰਜਾਬ ਦੇ ਸਰਕਾਰੀ ਸਕੂਲ, ਕਾਲਜ ਤੇ ਯੂਨੀਵਰਸਿਟੀਆਂ ਵਿੱਚ ਅਧਿਆਪਕਾਂ ਦੀ ਬਹੁਤ ਵੱਡੀ ਘਾਟ ਹੈ ਇਸ ਨੂੰ ਪੂਰਾ ਕੀਤਾ ਜਾਣਾ ਚਾਹੀਦਾ ਹੈ ਜਿਸ ਨਾਲ ਬਹੁਤ ਨੌਜਵਾਨਾਂ ਨੂੰ ਪੱਕਾ ਰੁਜ਼ਗਾਰ ਮਿਲ ਸਕਦਾ ਹੈ । ਰੁਜ਼ਗਾਰ ਦੀ ਮੰਗ ਕਰਦੇ ਨੌਜਵਾਨਾਂ ਨੂੰ ਬਨੇਗਾ ( ਭਗਤ ਸਿੰਘ ਕੌਮੀ ਰੁਜ਼ਗਾਰ ਗਰੰਟੀ ਕਾਨੂੰਨ ) ਬਣਾ ਕੇ ਹਰ ਇੱਕ ਦੀ ਯੋਗਤਾ ਮੁਤਾਬਕ ਰੁਜ਼ਗਾਰ ਦਿੱਤਾ ਜਾ ਸਕਦਾ ਹੈ। ਇਸ ਨਾਲ ਬੇਰੁਜ਼ਗਾਰੀ ਦੀ ਸਮੱਸਿਆ ਨੂੰ ਖਤਮ ਕੀਤਾ ਜਾ ਸਕਦਾ ਹੈ ਤੇ ਦੇਸ਼ ਨੂੰ ਤਰੱਕੀ ਦੇ ਰਾਹ ਵੱਲ ਤੋਰਿਆ ਜਾ ਸਕਦਾ ਹੈ । ਸਾਥੀਆਂ ਨੇ ਅੱਗੇ ਕਿਹਾ ਕਿ 16 ਫ਼ਰਵਰੀ ਨੂੰ ਭਾਰਤ ਬੰਦ ਦੇ ਸੱਦੇ ਤੇ ਵਿਦਿਆਰਥੀਆਂ ਤੇ ਨੌਜਵਾਨਾਂ ਵੱਲੋਂ ਵੀ ਸ਼ਮੂਲੀਅਤ ਕੀਤੀ ਜਾਵੇਗੀ। ਮਜ਼ਦੂਰਾਂ, ਕਿਸਾਨਾਂ , ਟਰੇਡ ਯੂਨੀਅਨਾਂ, ਵਿਦਿਆਰਥੀਆਂ ਤੇ ਨੌਜਵਾਨਾਂ ਵੱਲੋਂ ਆਪਣੇ ਹੱਕਾ ਦੀ ਪ੍ਰਾਪਤੀ ਲਈ ਵਧ ਚੜ ਕੇ ਹਿੱਸਾ ਲਿਆ ਜਾਵੇਗਾ ਤੇ ਲੋਟੂ ਸਰਮਾਏਦਾਰੀ ਪ੍ਰਬੰਧ ਖ਼ਿਲਾਫ਼ ਜ਼ਬਰਦਸਤ ਘੋਲ ਲੜਿਆ ਜਾਵੇਗਾ ਤਾਂ ਹੋ ਹਰ ਇੱਕ ਲਈ ਰੁਜ਼ਗਾਰ, ਵਿੱਦਿਆ ਸਿਹਤ ਸਹੂਲਤਾਂ ਆਦਿ ਲੋੜਾਂ ਦਾ ਬਰਾਬਰ ਅਧਿਕਾਰ ਹੋਵੇ । ਸਾਥੀਆ ਨੇ ਅੱਗੇ ਕਿਹਾ ਕਿ ਪੂਰੇ ਪੰਜਾਬ ਵਿੱਚ 28 ਤੇ 29 ਫ਼ਰਵਰੀ ਨੂੰ ਰੁਜ਼ਗਾਰ, ਵਿੱਦਿਆ ਤੇ ਸਿਹਤ ਸਹੂਲਤਾਂ ਤੇ ਹੋਰ ਮੰਗਾਂ ਨੂੰ ਲੈਕੇ ਤਹਿਸੀਲ , ਬਲਾਕ ਤੇ ਜਿਲ੍ਹਾ ਪੱਧਰੀ ਧਰਨੇ ਦਿੱਤੇ ਜਾਣਗੇ । ਇਨਕਲਾਬੀ ਦੇਸ਼ ਭਗਤਾ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਵਿੱਦਿਆਰਥੀ ਸੰਘਰਸ਼ ਕਰਨਗੇ ਤੇ ਖੁਸ਼ਹਾਲ ਸਮਾਜ ਸਿਰਜਣਗੇ। ਹੋਰਨਾਂ ਤੋ ਇਲਾਵਾ ਮੀਟਿੰਗ ਨੂੰ ਹੋਰਨਾ ਤੋ ਇਲਾਵਾ ਗੁਰਪ੍ਰੀਤ ਸਿੰਘ , ਦਵਿੰਦਰ ਸਿੰਘ, ਰਜਿੰਦਰ ਸਿੰਘ, ਭਿੰਦਾ, ਜਗਦੀਸ਼ ਸਿੰਘ, ਪ੍ਰਦੀਪ ਤੇ ਜਸਕਰਨ ਆਦਿ ਨੇ ਵੀ ਸਬੋਧਨ ਕੀਤਾ ।
