ਨਸ਼ੇੜੀ ਪੁੱਤ ਨੇ ਬਾਪ ਦਾ ਕੀਤਾ ਕਤਲ

ਜਲਾਲਾਬਾਦ (ਮਨੋਜ ਕੁਮਾਰ) ਪੰਜਾਬ ਸੂਬੇ ਦੇ ਅੰਦਰ ਸੱਤਾ ਲਗਾਤਾਰ ਬਦਲਦੀ ਆਈ ਹੈ, ਨਸ਼ਾ ਰੋਕਣ ਦੇ ਨਾਂ ਤੇ ਵੋਟਾਂ ਵੀ ਲਈਆਂ ਗਈਆਂ,ਪ੍ਰੰਤੂ ਪਰਿਵਾਰਾਂ ਦੇ ਘਰਾਂ ਵਿੱਚ ਨਸ਼ਿਆਂ ਕਾਰਨ ਵੈਣ ਰੁਕਣੇ ਅਜੇ ਤੱਕ ਬੰਦ ਨਹੀਂ ਹੋਏ। ਹਰ ਦਿਨ ਕੋਈ ਨਾ ਕੋਈ ਖਬਰ ਨਸ਼ਰ ਹੋ ਜਾਂਦੀ ਹੈ ਕਿ ਨਸ਼ੇ ਕਾਰਨ ਪਰਿਵਾਰ ਦੇ ਨੌਜਵਾਨ ਨੇ ਜਾਨ ਦੇ ਦਿੱਤੀ। ਨਸ਼ੇ ਵਿੱਚ ਧੁੱਤ ਹੋਇਆ ਮਨੁੱਖ ਕਦੇ ਵੀ ਕਿਸੇ ਦਾ ਭਲਾ ਨਹੀਂ ਸੋਚਦਾ। ਨਸ਼ੇ ਕਾਰਨ ਪੰਜਾਬ ਦੀ ਜਵਾਨੀ ਤਬਾਹ ਹੋ ਰਹੀ ਹੈ। ਇੱਥੇ ਹੀ ਬੱਸ ਨਹੀਂ ਨਸ਼ੇ ਕਾਰਨ ਕਤਲੋਗਾਰਦ ਲਗਾਤਾਰ ਵੱਧ ਰਹੀ ਹੈ।ਇਸੇ ਤਹਿਤ ਵਿਧਾਨ ਸਭਾ ਹਲਕਾ ਜਲਾਲਾਬਾਦ ਦੇ ਪਿੰਡ ਕਮਰੇ ਵਾਲਾ ਦੇ ਇੱਕ ਨਸ਼ੇੜੀ ਪੁੱਤ ਵੱਲੋਂ ਨਸ਼ਾ ਕਰਨ ਵਾਲੇ ਆਪਣੇ ਬਾਪ ਦਾ ਮਮੂਲੀ ਝਗੜੇ ਤੋਂ ਕਤਲ ਕਰ ਦਿੱਤਾ ਹੈ। ਪਿੰਡ ਵਾਸੀਆਂ ਦੀ ਜਾਣਕਾਰੀ ਮੁਤਾਬਕ ਦੋਨੋਂ ਪਿਓ ਪੁੱਤਰ ਨਸ਼ਾ ਕਰਨ ਦੇ ਆਦੀ ਸਨ ਅਤੇ ਅੱਜ ਕੋਈ ਮਾਮੂਲੀ ਝਗੜਾ ਹੋ ਗਿਆ। ਝਗੜਾ ਇੱਥੋਂ ਤੱਕ ਵੱਧ ਗਿਆ ਕਿ ਪੁੱਤ ਨੇ ਪਿਓ ਦਾ ਕਤਲ ਕਰ ਮਾਰਿਆ।ਇਸ ਸਬੰਧੀ ਕਤਲ ਹੋਏ ਬਾਪ ਦੀ ਲਾਸ਼ ਨੂੰ ਹਸਪਤਾਲ ਵਿੱਚ ਰੱਖ ਦਿੱਤਾ ਗਿਆ ਹੈ, ਪ੍ਰੰਤੂ ਦੂਜੇ ਪਾਸੇ ਲੋਕ ਹੈਰਾਨ ਹੋ ਰਹੇ ਹਨ ਕਿ ਕਿਵੇਂ ਬਾਪ ਪੁੱਤ ਨੂੰ ਤੇ ਪੁੱਤ ਬਾਪ ਨੂੰ ਨਸ਼ੇ ਵਿੱਚ ਕਤਲ ਕਰ ਰਿਹਾ ਹੈ।ਥਾਣਾ ਸਿਟੀ ਜਲਾਲਾਬਾਦ ਦੇ ਐਸਐਚਓ ਅੰਗਰੇਜ਼ ਕੁਮਾਰ ਨੇ ਦੱਸਿਆ ਕਿ ਉਹਨਾਂ ਨੂੰ ਜਾਣਕਾਰੀ ਮਿਲੀ ਸੀ ਕਿ ਪਿੰਡ ਕਮਰੇ ਵਾਲਾ ਵਿਖੇ ਲੜਾਈ ਝਗੜੇ ਦੌਰਾਨ ਇੱਕ ਵਿਅਕਤੀ ਦਾ ਕਤਲ ਹੋ ਗਿਆ ਹੈ। ਪੁਲਿਸ ਵੱਲੋਂ ਮੌਕੇ ਤੇ ਆ ਕੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।ਹਲਕੇ ਦੇ ਲੋਕ ਇਸ ਗੱਲ ਦੀ ਚਿੰਤਾ ਵਿੱਚ ਡੁੱਬੇ ਹੋਏ ਹਨ ਕਿ ਕਦੋਂ ਨਸ਼ੇ ਕਾਰਨ ਲੋਕਾਂ ਦੇ ਟੱਬਰਾਂ ਵਿੱਚ ਵਿਛੇ ਸੱਥਰ ਰੁਕਣ ਦਾ ਨਾਮ ਲੈਣਗੇ।
