ਰੇਡੀਓ ਦੀ ਦੁਨੀਆ ਦੇ ਬਾਦਸ਼ਾਹ ਅਮੀਨ ਸਯਾਨੀ ਦਾ ਦੇਹਾਂਤ, ਦਿਲ ਦਾ ਦੌਰਾ ਪੈਣ ਕਾਰਨ ਗੁਆਈ ਜਾਨ

ਨਵੀਂ ਦਿੱਲੀ : ਮਸ਼ਹੂਰ ਰੇਡੀਓ ਅਨਾਊਂਸਰ ਅਮੀਨ ਸਯਾਨੀ ਦਾ ਦੇਹਾਂਤ ਹੋ ਗਿਆ ਹੈ। ਉਨ੍ਹਾਂ ਨੇ 91 ਸਾਲ ਦੀ ਉਮਰ ‘ਚ ਆਖਰੀ ਸਾਹ ਲਿਆ। ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ। ਅਮੀਨ ਸਯਾਨੀ ਦੇ ਦੇਹਾਂਤ ਕਾਰਨ ਉਨ੍ਹਾਂ ਦਾ ਪਰਿਵਾਰ ਸੋਗ ‘ਚ ਡੁੱਬਿਆ ਹੋਇਆ ਹੈ। ਅਮੀਨ ਸਯਾਨੀ ਨੇ ਮੰਗਲਵਾਰ ਰਾਤ ਮੁੰਬਈ ਦੇ ਇਕ ਹਸਪਤਾਲ ‘ਚ ਆਖਰੀ ਸਾਹ ਲਿਆ। ਉਨ੍ਹਾਂ ਦੇ ਬੇਟੇ ਰਾਜਿਲ ਸਯਾਨੀ ਨੇ ਇਸ ਖਬਰ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਦੱਸਿਆ ਕਿ ਅਮੀਨ ਸਯਾਨੀ ਨੂੰ ਦਿਲ ਦਾ ਦੌਰਾ ਪਿਆ, ਜਿਸ ਤੋਂ ਬਾਅਦ ਉਨ੍ਹਾਂ ਨੇ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਸਸਕਾਰ ਬਾਰੇ ਉਨ੍ਹਾਂ ਦੇ ਬੇਟੇ ਨੇ ਕਿਹਾ ਕਿ ਉਹ ਜਲਦੀ ਹੀ ਇਸ ਬਾਰੇ ਅਪਡੇਟ ਦੇਣਗੇ। ਇਸ ਦੁੱਖ ਦੀ ਘੜੀ ‘ਚ ਅਮੀਨ ਸਯਾਨੀ ਦੇ ਪਰਿਵਾਰ ਦੇ ਨਾਲ-ਨਾਲ ਉਨ੍ਹਾਂ ਦੇ ਪ੍ਰਸ਼ੰਸਕ ਵੀ ਸਦਮੇ ‘ਚ ਹਨ। 21 ਦਸੰਬਰ 1932 ਨੂੰ ਜਨਮੇ ਅਮੀਨ ਸਯਾਨੀ ਰੇਡੀਓ ਜਗਤ ਦੇ ਸੁਪਰਸਟਾਰ ਸਨ। ਉਨ੍ਹਾਂ ਰੇਡੀਓ ਨੂੰ ਮਾਨਤਾ ਦਿਵਾਉਣ ‘ਚ ਵੱਡਾ ਯੋਗਦਾਨ ਪਾਇਆ। ‘ਗੀਤ ਮਾਲਾ’ ਉਨ੍ਹਾਂ ਦੇ ਪ੍ਰਸਿੱਧ ਪ੍ਰੋਗਰਾਮਾਂ ‘ਚੋਂ ਇਕ ਹੈ। ਇਸ ਇਕ ਸ਼ੋਅ ਨੇ ਅਮੀਨ ਸਯਾਨੀ ਨੂੰ ਬਹੁਤ ਪ੍ਰਸਿੱਧੀ ਦਿੱਤੀ। ਉਹ ਆਪਣੀ ਖੂਬਸੂਰਤ ਆਵਾਜ਼ ਤੇ ਆਕਰਸ਼ਕ ਅੰਦਾਜ਼ ਲਈ ਆਪਣੇ ਪ੍ਰਸ਼ੰਸਕਾਂ ‘ਚ ਇਕ ਸੁਪਰਸਟਾਰ ਸੀ। ਅਮੀਨ ਸਯਾਨੀ ਨੇ ਆਪਣੇ ਰੇਡੀਓ ਕਰੀਅਰ ‘ਚ 50 ਹਜ਼ਾਰ ਤੋਂ ਵੱਧ ਸ਼ੋਅ ਕੀਤੇ। ਅਮੀਨ ਸਯਾਨੀ ਦਾ ‘ਭੈਣਾਂ ਤੇ ਭਰਾਵਾਂ’ ਨਾਲ ਸਰੋਤਿਆਂ ਨੂੰ ਸੰਬੋਧਨ ਕਰਨ ਦਾ ਤਰੀਕਾ ਅੱਜ ਵੀ ਓਨਾ ਹੀ ਤਾਜ਼ਾ ਹੈ। ਅਮੀਨ ਸਯਾਨੀ ਰੇਡੀਓ ਦੀ ਦੁਨੀਆ ਵਿਚ ਬਾਦਸ਼ਾਹ ਬਣ ਕੇ ਰਹਿੰਦਾ ਸੀ। ਉਸ ਦੀ ਆਵਾਜ਼ ਦਾ ਜਾਦੂ ਸੁਣਨ ਵਾਲਿਆਂ ਨੂੰ ਮੰਤਰਮੁਗਧ ਕਰ ਦਿੰਦਾ ਸੀ, ਜੋ ਹੁਣ ਸਿਰਫ਼ ਯਾਦਾਂ ‘ਚ ਹੀ ਰਹਿ ਜਾਵੇਗਾ।
