ਸਰਕਾਰੀ ਸਕੂਲ ਭੋਡੀਪੁਰ ਦੇ ਮੁੜ ਚਰਚੇ

ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਭੋਡੀਪੁਰ ਵੱਲੋਂ ਆਏ ਦਿਨ ਨਵੀਂ ਇਬਾਰਤ ਲਿਖੀ ਜਾ ਰਹੀ ਹੈ। ਸਕੂਲ ਅਧਿਆਪਕਾਂ ਦੀ ਯੋਗ ਅਗਵਾਈ ਵਿੱਚ ਹਰ ਵਿਦਿਆਰਥੀ ਆਪਣੇ ਹੁਨਰ ਨੂੰ ਪਛਾਣ ਕੇ ਅਗਾਂਹ ਵਧ ਰਿਹਾ ਹੈ। ਪਿਛਲੇ ਦਿਨੀਂ ਯੰਗ ਸਪੋਰਟਸ ਕਲੱਬ,ਗ੍ਰਾਮ ਪੰਚਾਇਤ – ਗਾਂਧਰਾਂ ਵੱਲੋਂ ’34ਵਾਂ ਸਵ.ਮੋਦਨ ਸਿੰਘ ਯਾਦਗਾਰੀ ਕਬੱਡੀ ਟੂਰਨਾਮੈਂਟ ਅਤੇ ਛਿੰਝ ਮੇਲਾ’ ਕਰਵਾਇਆ ਗਿਆ। ਜਿਸ ਵਿੱਚ ਪਹਿਲੇ ਦਿਨ ਸਕੂਲੀ ਵਿਦਿਆਰਥੀਆਂ ਦੇ ਖੇਡ ਮੁਕਾਬਲੇ ਕਰਵਾਏ ਗਏ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ, ਭੋਡੀਪੁਰ ਦੇ ਵਿਦਿਆਰਥੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ ਅਤੇ ਨੌਂ ਤਮਗਿਆਂ ਤੋਂ ਇਲਾਵਾ 400 ਮੀਟਰ ਦੌੜ ਵਿੱਚ ਪਹਿਲਾ ਸਥਾਨ, 200 ਮੀਟਰ ਦੌੜ ਵਿੱਚ ਦੂਜਾ ਸਥਾਨ ਅਤੇ ਪੰਜਾਬ ਸਟਾਇਲ ਕਬੱਡੀ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ।ਇਸੇ ਤਰ੍ਹਾਂ ਆਲਮੀ ਮਾਂ-ਬੋਲੀ ਦਿਹਾੜੇ ਦੇ ਪ੍ਰਸੰਗ ਵਿੱਚ ਯੂਥ ਸਪੋਰਟਸ ਕਲੱਬ ਐਂਡ ਵੈਲਫੇਅਰ ਸੁਸਾਇਟੀ, ਨੂਰਪੁਰ ਚੱਠਾ ਵੱਲੋਂ ਬਾਬਾ ਅਮਰ ਸਿੰਘ ਤੇ ਬਾਬਾ ਸਾਧੂ ਸਿੰਘ (ਕੀਨੀਆ) ਅਫ਼ਰੀਕਾ ਦੀ ਯਾਦ ਵਿੱਚ ਕਰਵਾਏ ਗਏ ਸਮਾਗਮ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ, ਭੋਡੀਪੁਰ ਦੀ ਵਿਦਿਆਰਥਣ ਸਿਮਰਨਜੀਤ ਕੌਰ ਨੇ ਕਾਵਿ-ਮੁਕਾਬਲੇ ਵਿੱਚ ਤੀਜਾ ਸਥਾਨ ਹਾਸਲ ਕੀਤਾ। ਇਹ ਸਮਾਗਮ ਨੂਰਪੁਰ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਕਰਵਾਇਆ ਗਿਆ।ਇਸ ਮੌਕੇ ਜਾਣਕਾਰੀ ਦਿੰਦਿਆਂ ਸਕੂਲ ਮੁਖੀ ਜਸਵੀਰ ਸਿੰਘ ‘ਸ਼ਾਇਰ’ ਹੁਰਾਂ ਦੱਸਿਆ ਕਿ ਸਕੂਲ ਵਿੱਚ ਵਿਦਿਆਰਥੀਆਂ ਨੂੰ ਸੁਚੇਤ ਜੀਵਨ ਜਾਚ ਸਿਖਾਈ ਜਾਂਦੀ ਹੈ। ਜਿਸ ਕਾਰਨ ਹਰ ਖੇਤਰ ਵਿੱਚ ਸਕੂਲ ਵਿਦਿਆਰਥੀ ਮੱਲਾਂ ਮਾਰ ਰਹੇ ਹਨ। ਪ੍ਰਸਿੱਧ ਸਮਾਜ ਸੇਵੀ ਪਰਮਜੀਤ ਸਿੰਘ ਹੁਰਾਂ ਸਕੂਲ ਦੀਆਂ ਗਤੀਵਿਧੀਆਂ ਦੀ ਸੁਲਾਹਣਾ ਕੀਤੀ ਅਤੇ ਉਨ੍ਹਾਂ ਨੇ ਵਿਦਿਆਰਥੀਆਂ ਵੱਲੋਂ ਜਿੱਤੀ ਨਕਦ ਰਾਸ਼ੀ ਵਿੱਚ ਆਪਣੇ ਕੋਲੋਂ ਸਨਮਾਨ ਰਾਸ਼ੀ ਪਾ ਕੇ ਕਰੀਬ ਛੇ ਹਜ਼ਾਰ ਰੁਪਏ ਨਾਲ਼ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ। ਇਸ ਮੌਕੇ ਐੱਸ.ਐੱਮ.ਸੀ. ਦੇ ਚੇਅਰਮੈਨ ਅਮਰਜੀਤ ਕੌਰ, ਅਧਿਆਪਕਾ ਅਮਨਦੀਪ ਕੌਰ, ਆਂਗਣਵਾੜੀ ਵਰਕਰ, ਪਿੰਡ ਦੇ ਪਤਵੰਤੇ ਸੱਜਣ ਤੇ ਪਾਰਸ, ਸ਼ਰਨਜੀਤ ਸਿੰਘ, ਨਵਜੋਤ ਸਿੰਘ, ਜੋਬਨਪ੍ਰੀਤ ਸਿੰਘ, ਰਾਜਵੀਰ ਤੇਜੀ, ਅਨਮੋਲ, ਸਿਮਰਨਜੀਤ ਕੌਰ, ਰਜਨੀਸ਼ ਤੇਜੀ, ਰਾਜਵੀਰ, ਸੁਖਪ੍ਰੀਤ ਕੌਰ, ਰੀਤ, ਹਰਪ੍ਰੀਤ ਕੌਰ, ਸੀਰਤ ਤੇ ਸ਼ਾਰਧਾ ਆਦਿ ਵਿਦਿਆਰਥੀ ਹਾਜ਼ਰ ਸਨ।
