ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਬਿਜਲੀ ਸਪਲਾਈ ਦੇ ਸੁਧਾਰ ਲਈ 11 ਕੇ.ਵੀ ਜੌਲੀਆਂ ਯੂ.ਪੀ.ਐਸ. ਫੀਡਰ ਦਾ ਉਦਘਾਟਨ

ਭਵਾਨੀਗੜ੍ਹ (ਵਿਜੈ ਗਰਗ) ਵਿਧਾਨ ਸਭਾ ਹਲਕਾ ਸੰਗਰੂਰ ਅਧੀਨ ਆਉਂਦੇ ਸ਼ਹਿਰੀ ਤੇ ਪੇਂਡੂ ਖੇਤਰਾਂ ਵਿੱਚ ਬਿਜਲੀ ਸਪਲਾਈ ਵਿੱਚ ਸੁਧਾਰ ਨੂੰ ਯਕੀਨੀ ਬਣਾਉਣ ਲਈ ਨਿਰੰਤਰ ਉਪਰਾਲੇ ਜਾਰੀ ਹਨ ਅਤੇ ਇਸੇ ਲੜੀ ਤਹਿਤ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਨਵੇਂ 11 ਕੇ.ਵੀ ਯੂ. ਪੀ. ਐਸ ਜੌਲੀਆਂ ਫੀਡਰ ਦਾ ਉਦਘਾਟਨ ਕੀਤਾ ਗਿਆ ਹੈ। ਕਰੀਬ 17 ਲੱਖ ਰੁਪਏ ਦੀ ਲਾਗਤ ਵਾਲੇ ਇਸ ਫੀਡਰ ਦਾ ਉਦਘਾਟਨ ਕਰਨ ਮੌਕੇ ਲੋਕਾਂ ਨੂੰ ਸੰਬੋਧਨ ਕਰਦਿਆਂ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਇਸ ਫੀਡਰ ਰਾਹੀਂ 4 ਪਿੰਡਾਂ ਨੂੰ ਨਿਰਵਿਘਨ ਸਪਲਾਈ ਮਿਲੇਗੀ ਜਦਕਿ ਇਸ ਤੋਂ ਪਹਿਲਾਂ ਇਹ ਪਿੰਡ 11 ਕੇ.ਵੀ ਯੂ.ਪੀ.ਐਸ ਬਖੋਪੀਰ ਫੀਡਰ ਰਾਹੀਂ ਚੱਲ ਰਹੇ ਸਨ ਜਿਸ ਕਾਰਨ ਬਖੋਪੀਰ ਫੀਡਰ ਓਵਰਲੋਡ ਹੋਇਆ ਪਿਆ ਸੀ। ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਝੋਨੇ ਦੇ ਪਿਛਲੇ ਸੀਜ਼ਨ ਦੌਰਾਨ ਇਸ ਦਿੱਕਤ ਨੂੰ ਮਹਿਸੂਸ ਕਰਦਿਆਂ ਉਨ੍ਹਾਂ ਵੱਲੋਂ ਪੀ.ਐਸ.ਪੀ.ਸੀ.ਐਲ ਨਾਲ ਰਾਬਤਾ ਕੀਤਾ ਗਿਆ ਅਤੇ ਢੂਕਵੇਂ ਪ੍ਰਬੰਧ ਕਰਨ ਲਈ ਕਿਹਾ ਗਿਆ ਜਿਸ ਤੋਂ ਬਾਅਦ ਇਹ ਹੁਣ ਇਹ 4 ਪਿੰਡ ਦਿਆਲਗੜ੍ਹ, ਜੌਲੀਆਂ, ਫਤਿਹਗੜ੍ਹ ਭਾਦਸੋਂ ਅਤੇ ਪੰਨਵਾ ਇਸ ਫੀਡਰ ਰਾਹੀਂ ਨਿਰਵਿਘਨ ਸਪਲਾਈ ਲੈਣਗੇ ਅਤੇ ਇਸ ਉਤੇ 90 ਐਮਪੀਅਰ ਲੋਡ ਪਾਇਆ ਗਿਆ ਹੈ। ਵਿਧਾਇਕ ਨੇ ਕਿਹਾ ਕਿ ਹੁਣ ਬਖੋਪੀਰ ਫੀਡਰ ਰਾਹੀਂ ਬਖਤੜਾ, ਬਖਤੜੀ, ਆਲੋਅਰਖ ਅਤੇ ਕਾਕੜਾ ਦੇ ਪਿੰਡਾਂ ਨੂੰ ਮਿਆਰੀ ਸਪਲਾਈ ਮਿਲੇਗੀ ਜਦਕਿ ਇਹ 4 ਪਿੰਡ ਨਵੇਂ ਜੋਲੀਆਂ ਫੀਡਰ ਤੋਂ ਸਪਲਾਈ ਲੈਣਗੇ ਜਿਸ ਨਾਲ ਭਵਿੱਖ ਵਿੱਚ ਕੋਈ ਸਮੱਸਿਆ ਪੇਸ਼ ਨਹੀਂ ਆਵੇਗੀ। ਇਸ ਮੌਕੇ ਪੀ.ਐਸ.ਪੀ.ਸੀ.ਐਲ ਦੇ ਅਧਿਕਾਰੀ, ਪਾਰਟੀ ਆਗੂ ਤੇ ਪਿੰਡਾਂ ਦੇ ਵਸਨੀਕ ਵੀ ਹਾਜ਼ਰ ਸਨ।
