August 7, 2025
#Latest News

ਆਂਗਣਵਾੜੀ ਵਰਕਰਾਂ ਤੇ ਹੈਲਪਰਾਂ 5 ਮਾਰਚ ਨੂੰ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦਾ ਘਿਰਾਓ ਕਰਨਗੀਆਂ

ਸ਼ਾਹਕੋਟ/ਮਲਸੀਆ (ਬਿੰਦਰ ਕੁਮਾਰ)ਆਲ ਪੰਜਾਬ ਆਂਗਣਵਾੜੀ ਮੁਲਾਜ਼ਮ ਯੂਨੀਅਨ ਵੱਲੋਂ ਸੂਬੇ ਦੀਆਂ 54 ਹਜ਼ਾਰ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਮੰਗਾਂ ਨੂੰ ਲੈ ਕੇ ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਦੀ ਅਗਵਾਈ ਹੇਠ 5 ਮਾਰਚ ਨੂੰ ਚੰਡੀਗੜ੍ਹ ਵਿਖੇ ਪੰਜਾਬ ਵਿਧਾਨ ਸਭਾ ਦਾ ਘਿਰਾਓ ਕੀਤਾ ਜਾਵੇਗਾ ਤੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ । ਇਹ ਜਾਣਕਾਰੀ ਯੂਨੀਅਨ ਦੀ ਜ਼ਿਲਾ/ਬਲਾਕ ਪ੍ਰਧਾਨ ਹਰਗੋਬਿੰਦ ਕੌਰ ਨੇ ਦਿੱਤੀ । ਉਹਨਾਂ ਕਿਹਾ ਕਿ ਸਬੰਧਿਤ ਮਹਿਕਮੇ ਵੱਲੋਂ ਵਾਰ ਵਾਰ ਜਥੇਬੰਦੀ ਦੀਆਂ ਆਗੂਆਂ ਨਾਲ ਮੀਟਿੰਗਾਂ ਕਰਕੇ ਮੰਗਾਂ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ । ਜਿਸ ਕਰਕੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਵਿੱਚ ਪੰਜਾਬ ਸਰਕਾਰ ਦੇ ਖਿਲਾਫ ਗੁੱਸੇ ਦੀ ਲਹਿਰ ਹੈ । ਉਹਨਾਂ ਕਿਹਾ ਕਿ ਪੰਜਾਬ ਸਰਕਾਰ ਦਾ ਫੈਸਲਾ ਹੈ ਕਿ ਤਿੰਨ ਸਾਲ ਦੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕੀਤਾ ਜਾਵੇਗਾ ਅਤੇ ਇਹ ਬੱਚੇ ਸਕੂਲਾਂ ਵਿੱਚ ਦਾਖਲ ਕੀਤੇ ਜਾ ਰਹੇ ਹਨ। ਜਿਸ ਦਾ ਜਥੇਬੰਦੀ ਸਖਤ ਵਿਰੋਧ ਕਰਦੀ ਹੈ । ਕਿਉਂਕਿ ਪੰਜਾਬ ਸਰਕਾਰ ਆਂਗਣਵਾੜੀ ਸੈਂਟਰਾਂ ਦੇ ਬੱਚੇ ਖੋਹ ਰਹੀ ਹੈ । ਉਹਨਾਂ ਮੰਗ ਕੀਤੀ ਕਿ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਅਤੇ ਹੈਲਪਰਾਂ ਨੂੰ ਬਣਦਾ ਗਰੇਡ ਦਿੱਤਾ ਜਾਵੇ । ਉਹਨਾਂ ਦੋਸ਼ ਲਗਾਇਆ ਕਿ ਪੰਜਾਬ ਸਰਕਾਰ ਆਂਗਣਵਾੜੀ ਵਰਕਰਾਂ ਨਾਲ ਧੋਖਾ ਕਰ ਰਹੀ ਹੈ ਤੇ ਉਹਨਾਂ ਨੂੰ ਪ੍ਰੀ ਨਰਸਰੀ ਟੀਚਰ ਦਾ ਨਹੀਂ ਦਿੱਤਾ ਜਾ ਰਿਹਾ । ਕੇਂਦਰ ਸਰਕਾਰ ਨੇ 18 ਹਜ਼ਾਰ ਪ੍ਰੀ ਨਰਸਰੀ ਟੀਚਰ ਦੀਆਂ ਪੋਸਟਾਂ ਤੇ ਆਂਗਣਵਾੜੀ ਵਰਕਰਾਂ ਤੇ ਲਗਾਉਣ ਲਈ ਕਿਹਾ ਹੈ । ਜਿੰਨਾਂ ਵਿਚੋਂ 8393 ਪੋਸਟਾਂ ਪਹਿਲਾਂ ਆ ਚੁੱਕੀਆਂ ਹਨ । ਪਰ ਪੰਜਾਬ ਸਰਕਾਰ ਕੇਂਦਰ ਸਰਕਾਰ ਦੇ ਫੈਸਲੇ ਨੂੰ ਨਹੀਂ ਮੰਨ ਰਹੀ ਤੇ ਆਪਣੀਆਂ ਮਨਮਰਜ਼ੀਆਂ ਕਰ ਰਹੀ ਹੈ । ਉਹਨਾਂ ਕਿਹਾ ਕਿ ਕਿਹਾ ਤਾਂ ਇਹ ਗਿਆ ਹੈ ਕਿ ਆਂਗਣਵਾੜੀ ਵਰਕਰਾਂ ਨੂੰ ਐਨ ਟੀ ਟੀ ਦਾ ਕੋਰਸ ਕਰਵਾ ਕੇ ਪ੍ਰੀ ਨਰਸਰੀ ਟੀਚਰ ਦਾ ਦਰਜਾ ਦਿੱਤਾ ਜਾਵੇ ਪਰ ਪੰਜਾਬ ਸਰਕਾਰ ਉਲਟਾ ਆਂਗਣਵਾੜੀ ਸੈਂਟਰਾਂ ਦੇ ਬੱਚੇ ਵੀ ਖੋਹ ਰਹੀ ਹੈ ਤੇ ਸਰਕਾਰੀ ਸਕੂਲਾਂ ਵਿੱਚ ਦਾਖਲ ਕਰ ਰਹੀ ਹੈ । ਜਦੋਂ ਕਿ ਦੂਜੇ ਰਾਜਾਂ ਵਿੱਚ ਆਂਗਣਵਾੜੀ ਵਰਕਰਾਂ ਨੂੰ ਪ੍ਰੀ ਨਰਸਰੀ ਟੀਚਰ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਹੈ ।ਉਹਨਾਂ ਕਿਹਾ ਕਿ ਪੰਜਾਬ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਸਮੇਂ ਸਿਰ ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ ਤੇ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਚਾਰ ਵਰਗਾਂ ਵਿੱਚ ਵੰਡਿਆ ਹੋਇਆ ਹੈ । ਜਿਸ ਕਰਕੇ ਉਹਨਾਂ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਐਨ ਜੀ ਓ ਬਲਾਕਾਂ ਵਿੱਚ ਕੰਮ ਕਰਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ (ਖਾਸ ਕਰਕੇ ਬਾਲ ਭਲਾਈ ਕੌਂਸਲ) ਦਾ 1 ਸਾਲ ਦਾ ਸਟੇਟ ਫੰਡ ਦਾ ਮਾਣ ਭੱਤਾ ਬਕਾਇਆ ਖੜਾ ਹੈ । ਸਮਾਜ ਭਲਾਈ ਬੋਰਡ ਦੀਆਂ ਵਰਕਰਾਂ ਹੈਲਪਰਾਂ ਦਾ ਸਟੇਟ ਅਤੇ ਸੈਂਟਰ ਦਾ ਫੰਡ ਛੇ ਮਹੀਨਿਆਂ ਦਾ ਬਕਾਇਆ ਖੜ੍ਹਾ ਹੈ । ਇਹਨਾਂ ਦਾ ਮਾਣ ਭੱਤਾ ਦਿੱਤਾ ਜਾਵੇ ਅਤੇ ਇਹਨਾਂ ਨੂੰ ਸਟੇਟ ਵੱਲੋਂ ਕੱਟੇ ਗਏ 18 ਮਹੀਨਿਆਂ ਦਾ ਏਰੀਅਰ ਜੋ ਦੂਜੀਆਂ ਵਰਕਰਾਂ ਤੇ ਹੈਲਪਰਾਂ ਨੂੰ ਦਿੱਤਾ ਗਿਆ ਹੈ ਉਹ ਵੀ ਤੁਰੰਤ ਦਿੱਤਾ ਜਾਵੇ ਅਤੇ ਅੱਗੇ ਤੋਂ ਇਹਨਾਂ ਦਾ ਮਾਣ ਭੱਤਾ ਹਰ ਮਹੀਨੇ ਦੀ 7 ਤਰੀਕ ਤੱਕ ਦੇਣਾ ਯਕੀਨੀ ਬਣਾਇਆ ਜਾਵੇ ਅਤੇ ਇਹ ਅੱਠੇ ਬਲਾਕ ਐਨ ਜੀ ਓ ਤੋਂ ਵਾਪਸ ਲੈ ਕੇ ਵਿਭਾਗ ਵਿੱਚ ਮਰਜ ਕੀਤੇ ਜਾਣ । ਮੁੱਖ ਵਿਭਾਗ ਵਿੱਚ ਕੰਮ ਕਰਦੀਆਂ ਵਰਕਰਾਂ ਤੇ ਹੈਲਪਰਾਂ ਨੂੰ ਵੀ 6-6 ਮਹੀਨੇ ਤਨਖਾਹਾਂ ਨਹੀਂ ਮਿਲਦੀਆਂ । ਪੰਜ ਛੇ ਮਹੀਨੇ ਪਹਿਲਾਂ ਨਵੀਆਂ ਨਿਯੁਕਤ ਕੀਤੀਆਂ ਗਈਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਵੀ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਤੇ ਉਹ ਤਨਖਾਹਾਂ ਦੀ ਉਡੀਕ ਕਰ ਰਹੀਆਂ ਹਨ । ਉਹਨਾਂ ਮੰਗ ਕੀਤੀ ਕਿ ਇਹਨਾਂ ਵਰਕਰਾਂ ਤੇ ਹੈਲਪਰਾਂ ਨੂੰ ਤਨਖਾਹਾਂ ਦਿੱਤੀਆਂ ਜਾਣ । ਹੈਰਾਨੀ ਵਾਲੀ ਗੱਲ ਹੈ ਕਿ ਅਜੇ ਕਈ ਬਲਾਕਾਂ ਵਿੱਚ ਵਰਕਰਾਂ ਤੇ ਹੈਲਪਰਾਂ ਨੂੰ ਨਿਯੁਕਤੀ ਪੱਤਰ ਹੀ ਨਹੀਂ ਦਿੱਤੇ ਗਏ । ਮਿੰਨੀ ਆਂਗਣਵਾੜੀ ਵਰਕਰਾਂ ਨੂੰ ਆਡਰ ਨਹੀਂ ਦਿੱਤੇ ਜਾ ਰਹੇ ।ਆਂਗਣਵਾੜੀ ਵਰਕਰਾਂ ਨੂੰ ਸਮਾਰਟ ਫੋਨ ਨਹੀਂ ਦਿੱਤੇ ਗਏ । ਵਰਦੀ ਭੱਤਾ ਰਲੀਜ਼ ਕੀਤਾ ਜਾਵੇ । ਪੀ ਐਮ ਐਮ ਵੀ ਵਾਈ ਅਤੇ ਸੀ ਬੀ ਈ ਦੇ ਪੈਸੇ ਹਰ ਮਹੀਨੇ ਦਿੱਤੇ ਜਾਣ ।

Leave a comment

Your email address will not be published. Required fields are marked *