ਗ੍ਰਾਮ ਪੰਚਾਇਤੀ ਪੰਪ ਓਪਰੇਟਰ ਐਸੋਸੀਏਸ਼ਨ ਵਲੋਂ ਅੱਜ ਤੋਂ ਭੁੱਖ ਹੜਤਾਲ ਅਤੇ ਧਰਨੇ ਸ਼ੁਰੂ

ਭਵਾਨੀਗੜ੍ਹ (ਵਿਜੈ ਗਰਗ) ਸੂਬਾ ਪ੍ਰਧਾਨ ਸੁਖਜੀਤ ਸਿੰਘ ਵਲੋਂ ਦੱਸਿਆ ਗਿਆ ਕਿ ਸਾਡੀ ਜਥੇਬੰਦੀ ਗ੍ਰਾਮ ਪੰਚਇਤੀ ਪੰਪ ਉਪਰੇਟਰ ਐਸੋਸੀਏਸ਼ਨ ਪੰਜਾਬ ਵਲੋਂ ਪਿੰਡ ਘਰਾਚੋਂ ਦੀ ਟੈਂਕੀ ਤੇ ਲਗਭਗ ਪੰਜ ਮਹੀਨੇ ਦਾ ਸਮਾਂ ਹੋ ਗਿਆ ਧਰਨਾ ਲਗਾਇਆ ਨੂੰ ਪਰੰਤੂ ਪੰਜਾਬ ਸਰਕਾਰ ਦਾ ਕੋਈ ਵੀ ਆਗੂ ਅੱਜ ਤੱਕ ਸਾਡੇ ਧਰਨੇ ਦੀ ਸਾਰ ਲੈਣ ਨਹੀਂ ਆਇਆ।ਪੰਜਾਬ ਸਰਕਾਰ ਵਲੋਂ ਸਾਡੀ ਜਥੇਬੰਦੀ ਨਾਲ ਲਗਾਤਾਰ ਮੀਟਿੰਗਾਂ ਕਰਨ ਦੇ ਬਾਵਜੂਦ ਵੀ ਅੱਜ ਤੱਕ ਕੋਈ ਵੀ ਮੰਗ ਪ੍ਰਵਾਨ ਨਹੀਂ ਕੀਤੀ ਗਈ। ਸਬ ਕਮੇਟੀ ਨਾਲ ਸਾਡੀਆਂ ਕਈ ਮੀਟਿੰਗਾਂ ਹੋ ਚੁੱਕੀਆਂ ਹਨ ਪਰ ਮੀਟਿੰਗਾਂ ਵਿਚ ਕੋਈ ਵੀ ਲਿਖਤੀ ਹੱਲ ਨਹੀਂ ਹੋ ਸਕਿਆ। ਹੁਣ ਜਥੇਬੰਦੀ ਨੇ ਫੈਸਲਾ ਕੀਤਾ ਹੈ ਕਿ 1 ਮਾਰਚ ਤੋਂ ਪਿੰਡ ਘਰਾਚੋਂ ਦੀ ਟੈਂਕੀ ਤੇ ਵਰਕਰਾਂ ਵਲੋਂ ਭੁੱਖ ਹੜਤਾਲ ਜਾਰੀ ਕੀਤੀ ਜਾਵੇਗੀ। ਜਿੰਨ੍ਹਾਂ ਚਿਰ ਲਿਖਤੀ ਰੂਪ ਵਿਚ ਮੰਗਾਂ ਦਾ ਹੱਲ ਨਹੀਂ ਹੁੰਦਾ ਉਹਨਾਂ ਚਿਰ ਭੁੱਖ ਹੜਤਾਲ ਜਾਰੀ ਰਹੇਗੀ।2 ਮਾਰਚ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਦੇ ਹਲਕੇ ਦਿੜਬਾ ਵਿਖੇ ਰੋਸ ਮਾਰਚ ਕੀਤਾ ਜਾਵੇਗਾ, 3 ਮਾਰਚ ਨੂੰ ਸੁਨਾਮ ਸ਼ਹਿਰ ਵਿਚ ਅਰਥੀ ਫੂਕ ਮੁਜਾਹਰੇ ਕੀਤੇ ਜਾਣਗੇ, 4 ਮਾਰਚ ਨੂੰ ਸੀ. ਐਮ. ਦੇ ਹਲਕਾ ਧੂਰੀ ਵਿਚ ਰੋਡ ਸ਼ੋਅ ਕੀਤਾ ਜਾਵੇਗਾ, 5 ਮਾਰਚ ਨੂੰ ਸੰਗਰੂਰ ਸ਼ਹਿਰ ਵਿਚ ਵੀ ਰੋਡ ਸ਼ੋਅ ਕੀਤਾ ਜਾਵੇਗਾ ਪਰੰਤੂ ਇਹ ਸਰਕਾਰ ਧਰਨੇ ਮੁਕਤ ਦੇ ਨਾਮ ਤੇ ਲੋਕਾਂ ਵਿਚ ਆਈ ਸੀ ਪਰ ਇਸ ਸਰਕਾਰ ਦੇ ਆਉਣ ਤੋਂ ਸਭ ਤੋਂ ਜਿਆਦਾ ਧਰਨੇ ਇਸ ਸਰਕਾਰ ਵਿਚ ਲੋਕਾਂ ਅਤੇ ਜਥੇਬੰਦੀਆਂ ਵਲੋਂ ਲਗਾਏ ਜਾ ਰਹੇ ਹਨ।ਅਗਰ ਇਸ ਭੁੱਖ ਹੜਤਾਲ ਵਿਚ ਸਾਡੇ ਕੋਈ ਵੀ ਵਰਕਰ ਦਾ ਨੁਕਸਾਨ ਹੁੰਦਾ ਹੈ ਤਾਂ ਪੰਜਾਬ ਸਰਕਾਰ ਦੀ ਜਿੰਮੇਵਾਰੀ ਹੋਵੇਗੀ, ਜਿੰਨ੍ਹਾਂ ਚਿਰ ਸਾਨੂੰ ਕੋਈ ਵੀ ਲਿਖਤੀ ਰੂਪ ਵਿਚ ਮੰਗਾਂ ਦਾ ਹੱਲ ਕਰਨ ਵਾਅਦਾ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਭੁੱਖ ਹੜਤਾਲ ਜਾਰੀ ਰਹੇਗੀ। ਇਸ ਮੌਕੇ ਸੂਬਾ ਮੀਤ ਪ੍ਰਧਾਨ ਬੇਅੰਤ ਸਿੰਘ, ਹਰਪ੍ਰੀਤ ਸਿੰਘ ਸੂਬਾ ਖਜਾਨਚੀ, ਅਵਤਾਰ ਸਿੰਘ ਜਿਲ੍ਹਾ ਪ੍ਰਧਾਨ ਸੰਗਰੂਰ, ਹਮੀਦ ਖਾਂ ਬਠਿੰਡਾ, ਮੇਹਰ ਸਿੰਘ ਪਟਿਆਲਾ, ਮਹਿੰਦਰ ਸਿੰਘ ਮਾਲੇਰਕੋਟਲਾ ਆਦਿ ਹਾਜਰ ਹੋਏ।
