August 6, 2025
#Punjab

ਨੀਲ ਕਮਲ ਦਾ ਗੀਤ ਸੂਟਾਂ ਦੇ ਰੰਗ ਗਿਣਦਾ ਬਲਜਿੰਦਰ ਮਾਨ ਵੱਲੋਂ ਜਾਰੀ

ਮਾਹਿਲਪੁਰ (ਨੀਤੂ ਸ਼ਰਮਾ) ਮਾਹਿਲਪੁਰ ਦੇ ਉੱਘੇ ਕਲਾਕਾਰ ਨੀਲ ਕਮਲ ਦਾ ਗੀਤ ‘ਸੂਟਾਂ ਦੇ ਰੰਗ ਗਿਣਦਾ ‘ ਸਾਹਿਤਕਾਰ ਬਲਜਿੰਦਰ ਮਾਨ ਵੱਲੋਂ ਕਰੂੰਬਲਾਂ ਭਵਨ ਵਿੱਚ ਜਾਰੀ ਕੀਤਾ ਗਿਆ। ਉਹਨਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਨੀਲ ਕਮਲ ਨੇ ਗੀਤ ਸੰਗੀਤ ਦੀ ਦੁਨੀਆਂ ਚ ਆਪਣਾ ਇੱਕ ਵੱਖਰਾ ਮੁਕਾਮ ਸਿਰਜਿਆ ਹੈ। ਜਿੱਥੇ ਉਹ ਇੱਕ ਸੰਗੀਤ ਅਧਿਆਪਕ ਵਜੋਂ ਸ਼ਾਨਦਾਰ ਕਾਰਜ ਕਰ ਰਹੇ ਹਨ ਉੱਥੇ ਸੂਫੀ ਗਾਇਕੀ ਦੇ ਖੇਤਰ ਵਿੱਚ ਵੀ ਉਹਨਾਂ ਸਨਮਾਨ ਯੋਗ ਥਾਂ ਪ੍ਰਾਪਤ ਕੀਤੀ ਹੋਈ ਹੈ। ਅਜੋਕੇ ਸਮੇਂ ਨਾਲ ਪੈਰ ਮੇਚ ਕੇ ਚੱਲਣ ਵਾਲੇ ਗਾਇਕ ਨੀਲ ਕਮਲ ਦਾ ਇਹ ਗੀਤ ਇੱਕ ਨਿਵੇਕਲਾ ਤੇ ਨਰੋਆ ਪੰਜਾਬੀ ਰੰਗ ਪੇਸ਼ ਕਰਦਾ ਹੈ। ਗਾਇਕ ਤੇ ਗੀਤਕਾਰ ਜਿੰਦਰ ਖਾਨਪੁਰੀ ਨੇ ਇਸ ਗੀਤ ਰਾਹੀਂ ਪੰਜਾਬੀ ਸੱਭਿਆਚਾਰ ਖਾਸ ਕਰ ਔਰਤ ਦੀ ਮਾਨਸਿਕਤਾ ਨੂੰ ਬਾਖੂਬੀ ਪੇਸ਼ ਕੀਤਾ ਹੈ। ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰ ਹੋਏ ਅਮਰੀਕਾ ਨਿਵਾਸੀ ਹਰਭਜਨ ਸਿੰਘ ਭਾਟੀਆ ਅਤੇ ਬਲਵਿੰਦਰ ਕੌਰ ਭਾਟੀਆ ਅਤੇ ਸੁਰਜੀਤ ਗੁਰੂ ਨੇ ਸ਼ੁਭ ਕਾਮਨਾਵਾਂ ਦਿੰਦਿਆਂ ਕਿਹਾ ਕਿ ਉਨਾਂ ਨੂੰ ਆਪਣੇ ਵੀਰ ਤੇ ਬਹੁਤ ਮਾਣ ਹੈ ਜੋ ਦੇਸ਼ ਵਿਦੇਸ਼ ਵਿੱਚ ਗਾਇਕੀ ਨਾਲ ਨਾਮਨਾ ਖੱਟ ਰਿਹਾ ਹੈ। ਨੀਤੂ ਸ਼ਰਮਾ ਅਤੇ ਸੋਨੀਆ ਕਮਲ ਨੇ ਕਿਹਾ ਕਿ ਇਹ ਗੀਤ ਲੜਕੀਆਂ ਤੇ ਔਰਤਾਂ ਵਿੱਚ ਜ਼ਰੂਰ ਮਕਬੂਲ ਹੋਵੇਗਾ। ਉਹਨਾਂ ਇਸ ਗੱਲ ਤੇ ਫਖਰ ਮਹਿਸੂਸ ਕੀਤਾ ਕਿ ਗਾਇਕ ਦੇ ਪਹਿਲਾਂ ਚੱਲ ਰਹੇ ਪ੍ਰਾਈਵੇਟ ਟੀਚਰ ਵਰਗੇ ਗੀਤ ਵੀ ਯੂਟੀਊਬ ਤੇ ਬਹੁਤ ਮਕਬੂਲ ਹੋਏ ਹਨ। ਇਸ ਮੌਕੇ ਕਰੁੰਬਲਾਂ ਪਾਠਕ ਮੰਚ ਦੇ ਪ੍ਰਧਾਨ ਹਰਵੀਰ ਮਾਨ, ਪ੍ਰਿੰ. ਮਨਜੀਤ ਕੌਰ, ਹਰਮਨਪ੍ਰੀਤ ਕੌਰ, ਪਵਨ ਸਕਰੁੱਲੀ, ਮਨਜਿੰਦਰ ਸਿੰਘ, ਨਿਧੀ ਅਮਨ ਸਹੋਤਾ ਸਮੇਤ ਕਲਾ ਪ੍ਰੇਮੀ ਹਾਜ਼ਰ ਸਨ। ਸਭ ਦਾ ਧੰਨਵਾਦ ਕੁਲਦੀਪ ਕੌਰ ਬੈਂਸ ਵੱਲੋਂ ਕੀਤਾ ਗਿਆ।

Leave a comment

Your email address will not be published. Required fields are marked *